ਆਸਟ੍ਰੇਲੀਆ ’ਚ ਮਕਾਨਾਂ ਦੇ ਕਿਰਾਏ ਨੇ ਨਵੇਂ ਸਿਖਰਾਂ ਨੂੰ ਛੂਹਿਆ, ਪਿਛਲੇ 17 ਸਾਲਾਂ ’ਚ ਸਭ ਤੋਂ ਤੇਜ਼ੀ ਨਾਲ ਵਧੀਆਂ ਕੀਮਤਾਂ

ਮੈਲਬਰਨ : ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਆਸਟ੍ਰੇਲੀਆ ਅੰਦਰ ਮਕਾਨਾਂ ਦੇ ਕਿਰਾਇਆਂ ’ਚ ਪਿਛਲੇ 17 ਸਾਲਾਂ ਦਾ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। ਸਾਰੀਆਂ ਰਾਜਧਾਨੀਆਂ ਵਿੱਚ ਮਕਾਨ ਕਿਰਾਏ ‘ਤੇ ਲੈਣ ਦੀ ਔਸਤ ਲਾਗਤ 630 ਡਾਲਰ ਪ੍ਰਤੀ ਹਫਤੇ ਦੇ ਨਵੇਂ ਰਿਕਾਰਡ ਤੱਕ ਪਹੁੰਚ ਗਈ ਹੈ। ਰੀਅਲ ਅਸਟੇਟ ਪਲੇਟਫਾਰਮ ਡੋਮੇਨ ਮੁਤਾਬਕ ਸਭ ਤੋਂ ਜ਼ਿਆਦਾ ਤਿਮਾਹੀ ਬਦਲਾਅ ਐਡੀਲੇਡ ‘ਚ ਦਰਜ ਕੀਤੇ ਗਏ, ਜਿੱਥੇ ਮਕਾਨਾਂ ਦਾ ਕਿਰਾਇਆ ਮੰਗਣ ‘ਚ 5.4 ਫੀਸਦੀ ਦਾ ਵਾਧਾ ਹੋਇਆ। ਇਸ ਤੋਂ ਬਾਅਦ ਮੈਲਬਰਨ (3.6 ਫੀਸਦੀ), ਬ੍ਰਿਸਬੇਨ (3.3 ਫੀਸਦੀ) ਅਤੇ ਸਿਡਨੀ (2.7 ਫੀਸਦੀ) ਦਾ ਨੰਬਰ ਆਉਂਦਾ ਹੈ।

ਹੋਬਾਰਟ ਨੂੰ ਛੱਡ ਕੇ ਹਰ ਵੱਡੇ ਸ਼ਹਿਰ ਵਿਚ ਖਾਲੀ ਮਕਾਨਾਂ ਦੀ ਦਰ ਵਿਚ ਵੀ ਗਿਰਾਵਟ ਆਈ ਹੈ, ਸਿਡਨੀ, ਮੈਲਬੌਰਨ ਅਤੇ ਪਰਥ ’ਚ ਤਾਂ ਇਹ ਰਿਕਾਰਡ ਹੇਠਲੇ ਪੱਧਰ ‘ਤੇ ਹਨ। ਦੇਸ਼ ਦੇ ਸ਼ਹਿਰੀ ਕੇਂਦਰਾਂ ‘ਚ ਮਕਾਨਾਂ ਦਾ ਕਿਰਾਇਆ ਤਿਮਾਹੀ ‘ਚ 5 ਫੀਸਦੀ ਵਧਿਆ ਹੈ, ਜਦੋਂ ਕਿ ਯੂਨਿਟਾਂ ਵੀ 3.3 ਫੀਸਦੀ ਵਧ ਕੇ 620 ਡਾਲਰ ਦੇ ਨਵੇਂ ਰਿਕਾਰਡ ਔਸਤ ਮੁੱਲ ‘ਤੇ ਪਹੁੰਚ ਗਈਆਂ ਹਨ। ਹਾਲਾਂਕਿ ਡੋਮੇਨ ਮੁਖੀ ਨਿਕੋਲਾ ਪਾਵੇਲ ਨੇ ਭਰੋਸਾ ਪ੍ਰਗਟਾਇਆ ਕਿ ਮਕਾਨਾਂ ਦੇ ਕਿਰਾਏ 2024 ਸਿਖਰ ਨੂੰ ਛੂਹ ਕੇ ਛੇਤੀ ਹੀ ਵਾਪਸ ਪਰਤਣਗੇ, ਕਿਉਂਕਿ ਆਬਾਦੀ ਦਾ ਵਾਧਾ ਹੌਲੀ ਹੋ ਜਾਵੇਗਾ।

Leave a Comment