ਮੈਲਬਰਨ: ਆਸਟ੍ਰੇਲੀਆ ਦੀ T20 ਕ੍ਰਿਕੇਟ ਲੀਗ ਬਿੱਗ ਬੈਸ਼ ’ਚ ਖੇਡਣ ਵਾਲੇ ਭਾਰਤੀ ਮੂਲ ਦੇ ਕ੍ਰਿਕੇਟਰ ਨਿਖਿਲ ਚੌਧਰੀ ਨੂੰ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਹੋਬਾਰਟ ਹੁਰੀਕੇਨਸ ਟੀਮ ਵੱਲੋਂ ਖੇਡਣ ਵਾਲੇ 27 ਸਾਲਾਂ ਦੇ ਨਿਖਿਲ ਚੌਧਰੀ ’ਤੇ ਕੁਈਨਜ਼ਲੈਂਡ ਦੇ ਟਾਊਨਸਵਿਲ ਦੀ ਅਦਾਲਤ ’ਚ ਕੇਸ ਚਲ ਰਿਹਾ ਸੀ।
20 ਸਾਲ ਦੀ ਔਰਤ ਨੇ ਉਸ ’ਤੇ ਮਈ 2021 ’ਚ ਇੱਕ ਨਾਈਟਕਲੱਬ ’ਚ ਮੁਲਾਕਾਤ ਹੋਣ ਮਗਰੋਂ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ ਅਤੇ ਕਿਹਾ ਸੀ ਕਿ ਨਿਖਿਲ ਨੇ ਉਸ ਨਾਲ ਕਾਰ ’ਚ ਜ਼ਬਰਦਸਤੀ ਕੀਤੀ ਜਿਸ ਦੌਰਾਨ ਉਸ ਦੇ ਸੱਟਾਂ ਲੱਗੀਆਂ ਅਤੇ ਖ਼ੂਨ ਵੀ ਨਿਕਲਣ ਲੱਗਾ ਸੀ। ਉਸ ਦੀ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਉਸ ਨੂੰ ਉਸ ਦੇ ਦੋਸਤਾਂ ਨੇ ਨਿਖਿਲ ਦੀ ਕਾਰ ’ਚੋਂ ਰੋਂਦੀ ਹੋਈ ਨੂੰ ਕਢਿਆ ਸੀ।
ਹਾਲਾਂਕਿ ਨਿਖਿਲ ਦੀ ਵਕੀਲ ਨੇ ਕਿਹਾ ਕਿ ਉਸ ਰਾਤ ਔਰਤ ਨਸ਼ੇ ’ਚ ਧੁੱਤ ਸੀ ਅਤੇ ਉਸ ਦੀ ਯਾਦਦਾਸ਼ਤ ’ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਵਕੀਲ ਨੇ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਔਰਤ ਨੂੰ ਲੱਗੀਆਂ ਸੱਟਾਂ ਦਾ ਕਾਰਨ ਨਿਖਿਲ ਸੀ ਅਤੇ ਔਰਤ ਖ਼ੁਦ ਹੀ ਨਿਖਿਲ ਨਾਲ ਉਸ ਦੇ ਘਰ ਜਾਣ ਲਈ ਰਾਜ਼ੀ ਹੋਈ ਸੀ ਅਤੇ ਉਸ ਦੀ ਕਾਰ ’ਚ ਬੈਠੀ ਸੀ। ਵਕੀਲ ਨੇ ਕਿਹਾ, ‘‘ਰਾਤ ਦੇ 3 ਵਜੇ ਤੁਸੀਂ ਕਿਸੇ ਦੇ ਘਰ ਚਾਹ ਪੀਣ ਜਾਣ ਲਈ ਨਹੀਂ ਤਿਆਰੀ ਹੁੰਦੇ।’’ ਉਸ ਨੇ ਕਿਹਾ ਕਿ ਨਿਖਿਲ ਨੇ ਉਸ ਰਾਤ ਦੋਹਾਂ ’ਚ ਸਰੀਰਕ ਸੰਬੰਧ ਬਣਨ ਤੋਂ ਵੀ ਇਨਕਾਰ ਕੀਤਾ ਹੈ।