ਗੁਰਪਤਵੰਤ ਸਿੰਘ ਪੰਨੂੰ ਨੇ ਹੁਣ ਜੇਲ੍ਹ ’ਚ ਕੇਜਰੀਵਾਲ ਨੂੰ ਦਿਤੀ ਧਮਕੀ, ਜਾਣੋ ਕੀ ਲਾਏ ਦੋਸ਼

ਮੈਲਬਰਨ: ਅਮਰੀਕਾ ਸਥਿਤ ਸਿੱਖਸ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਨੇ ਵਿਦੇਸ਼ੀ ਸਿੱਖਾਂ ਨੂੰ ਗੁੰਮਰਾਹ ਕੀਤਾ ਅਤੇ ਉਨ੍ਹਾਂ ਤੋਂ ਆਪਣੀ ਆਮ ਆਦਮੀ ਪਾਰਟੀ (ਆਪ) ਲਈ ਲਗਭਗ 133 ਕਰੋੜ ਰੁਪਏ ਇਕੱਠੇ ਕੀਤੇ।

ਪੰਨੂ ਦਾ ਦਾਅਵਾ ਹੈ ਕਿ ਕੇਜਰੀਵਾਲ ਨੇ 2014 ‘ਚ ਸੱਤਾ ‘ਚ ਆਉਣ ਦੇ ਪੰਜ ਘੰਟਿਆਂ ਦੇ ਅੰਦਰ ਸਿੱਖ ਕੱਟੜਪੰਥੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ ਤੋਂ ਰਿਹਾਅ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ 1993 ਦੇ ਦਿੱਲੀ ਬੰਬ ਧਮਾਕੇ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭੁੱਲਰ ਨੂੰ ਅਜੇ ਤਕ ਰਿਹਾਅ ਨਹੀਂ ਕੀਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਜਾਰੀ ਆਪਣੇ ਤਾਜ਼ਾ ਵੀਡੀਓ ’ਚ ਪੰਨੂ ਨੇ ਕੇਜਰੀਵਾਲ ਅਤੇ ਭਗਵੰਤ ਮਾਨ ‘ਤੇ ਝੂਠੇ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਦੇ ਮਾਰੇ ਜਾਣ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਾਇਆ ਅਤੇ ਚੇਤਾਵਨੀ ਦਿੱਤੀ ਕਿ ਜੇਲ੍ਹ ਵਿੱਚ “ਖਾਲਿਸਤਾਨੀ” ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣਗੇ।

‘ਆਪ’ ਪੰਜਾਬ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪੰਨੂ ਦੇ ਦਾਅਵਿਆਂ ਦਾ ਖੰਡਨ ਕੀਤਾ ਅਤੇ ਸੁਝਾਅ ਦਿੱਤਾ ਕਿ ਪੰਨੂ ਅਸਲ ’ਚ ਭਾਜਪਾ ਦੀ ਸਿਰਜਣਾ ਹੈ ਜੋ ਮੋਦੀ ਵਿਰੋਧੀ ਤਾਕਤਾਂ ‘ਤੇ ਦੋਸ਼ ਲਗਾਉਣ ਲਈ ਵਰਤੀ ਜਾਂਦੀ ਹੈ। ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਦਿੱਲੀ ਸ਼ਰਾਬ ਨੀਤੀ ਘੁਟਾਲੇ ਦੇ ਸਬੰਧ ਵਿੱਚ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਕੇਂਦਰੀ ਏਜੰਸੀ ਦੀ ਛੇ ਦਿਨਾਂ ਦੀ ਹਿਰਾਸਤ ਵਿੱਚ ਹਨ।

Leave a Comment