ਮੈਲਬਰਨ: Airbnb ਨੇ ਅੱਜ ਕਿਹਾ ਹੈ ਕਿ ਉਹ ਅਗਲੇ ਮਹੀਨੇ ਦੇ ਅੰਤ ਤੱਕ ਦੁਨੀਆ ਭਰ ਵਿੱਚ ਆਪਣੀ ਸਾਈਟ ‘ਤੇ ਲਿਸਟਿੰਗ ਵਿੱਚ ਇਨਡੋਰ ਸੁਰੱਖਿਆ ਕੈਮਰਿਆਂ ਦੀ ਵਰਤੋਂ ‘ਤੇ ਪਾਬੰਦੀ ਲਗਾ ਰਿਹਾ ਹੈ। ਸੈਨ ਫਰਾਂਸਿਸਕੋ ਸਥਿਤ ਆਨਲਾਈਨ ਰੈਂਟਲ ਪਲੇਟਫਾਰਮ ਨੇ ਕਿਹਾ ਕਿ ਉਹ ਪ੍ਰਾਈਵੇਸੀ ਨੂੰ ਤਰਜੀਹ ਦਿੰਦੇ ਹੋਏ ਆਪਣੀ ਸੁਰੱਖਿਆ ਕੈਮਰਾ ਨੀਤੀ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
Airbnb ਦੇ ਕਮਿਊਨਿਟੀ ਪਾਲਿਸੀ ਐਂਡ ਪਾਰਟਨਰਸ਼ਿਪ ਦੇ ਮੁਖੀ ਜੁਨੀਪਰ ਡਾਊਨਸ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਤਬਦੀਲੀਆਂ ਸਾਡੇ ਮਹਿਮਾਨਾਂ, ਮੇਜ਼ਬਾਨਾਂ ਅਤੇ ਪ੍ਰਾਈਵੇਸੀ ਮਾਹਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕੀਤੀਆਂ ਗਈਆਂ ਹਨ। ਨਵੀਂ ਨੀਤੀ ਦੇ ਤਹਿਤ, ਸਿਰਫ਼ ਡੋਰਬੈਲ ਕੈਮਰੇ ਅਤੇ ਸ਼ੋਰ-ਡੈਸੀਬਲ ਮੋਨੀਟਰ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ ਅਤੇ ਇਨ੍ਹਾਂ ਦਾ ਖ਼ੁਲਾਸਾ ਕਰਨ ਦੀ ਵੀ ਜ਼ਰੂਰਤ ਹੋਵੇਗੀ। ਹਾਲਾਂਕਿ Airbnb ਨੇ ਕਿਹਾ ਹੈ ਕਿ ਉਸ ਦੀ ਲਿਸਟਿੰਗ ’ਚ ਜ਼ਿਆਦਾਤਰ ਲੋਕ ਕਿਰਾਏ ’ਤੇ ਦਿੱਤੇ ਘਰਾਂ ਅੰਦਰ ਕੈਮਰਿਆਂ ਦੀ ਵਰਤੋਂ ਨਹੀਂ ਕਰਦੇ। ਨੀਤੀ ਵਿੱਚ ਤਬਦੀਲੀ 30 ਅਪ੍ਰੈਲ ਤੋਂ ਲਾਗੂ ਹੋਵੇਗੀ।