ਮੈਲਬਰਨ: ਸਾਊਥ ਆਸਟ੍ਰੇਲੀਆ (SA) ਸਟੇਟ ’ਚ ਡਿਊਟੀ ਦੌਰਾਨ ਕਤਲ ਹੋਏ ਇੱਕ 53 ਵਰ੍ਹਿਆਂ ਦੇ ਪੁਲਿਸ ਅਫ਼ਸਰ ਜੇਸਨ ਡੋਇਗ ਦੇ ਪ੍ਰਵਾਰ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਟੇਟ ਸਰਕਾਰ ਨੇ ਉਸ ਦੇ ਪ੍ਰਵਾਰ ਨੂੰ ਡਿਊਟੀ ਦੌਰਾਨ ਮਾਰੇ ਜਾਣ ’ਤੇ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ 600,000 ਡਾਲਰ ਦਾ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹਾ ਇਸ ਕਾਰਨ ਕੀਤਾ ਗਿਆ ਕਿਉਂਕਿ ਉਸ ਦੇ ਮਾਪੇ ਅਤੇ ਭਰਾ ਉਸ ’ਤੇ ਕਾਨੂੰਨੀ ਰੂਪ ’ਚ ਆਸ਼ਰਿਤ ਨਹੀਂ ਸਨ।
ਸਟੇਟ ਸਰਕਾਰ ਦੇ ਇਸ ਫ਼ੈਸਲੇ ਦਾ SA ਪੁਲਿਸ ਐਸੋਸੀਏਸ਼ਨ ਨੂੰ ਭਰਵਾਂ ਵਿਰੋਧ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਮਾਰਕ ਕੈਰੋਲ ਨੇ ਕਿਹਾ, ‘‘ਅਜੀਬ ਗੱਲ ਹੈ ਕਿ ਡਿਊਟੀ ’ਤੇ ਮਾਰੇ ਗਏ ਕਿਸੇ ਪੁਲਿਸ ਅਫ਼ਸਰ ਦੇ ਸਬੰਧੀਆਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਉਸ ’ਤੇ ਕੋਈ ਆਸ਼ਰਿਤ ਨਹੀਂ ਸੀ ਜੇਸਨ ਡੋਇਗ ਦੇ ਬਜ਼ੁਰਗ ਮਾਪੇ, ਭਰਾ, ਭਾਣਜੇ ਹੀ ਉਸ ਦਾ ਵਿਸਤਾਰਿਤ ਪ੍ਰਵਾਰ ਹਨ।’’ ਐਸੋਸੀਏਸ਼ਨ ਨੇ ਸਟੇਟ ਸਰਕਾਰ ਨੂੰ ਕਾਨੂੰਨ ਬਦਲਣ ਦੀ ਮੰਗ ਕੀਤੀ ਹੈ, ਜਿਨ੍ਹਾਂ ਅਧੀਨ ਇਸ ਵੇਲੇ ਸਿਰਫ਼ ਮਾਰੇ ਗਏ ਵਿਅਕਤੀ ਦੇ ਜੀਵਨਸਾਥੀ ਜਾਂ ਬੱਚਿਆਂ ਨੂੰ ਹੀ ਦਿੱਤੀ ਜਾ ਸਕਦੀ ਹੈ।
ਪ੍ਰੀਮੀਅਰ ਪੀਟਰ ਮਾਲੀਨਾਸਕਸ ਨੇ ਕਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਇਸ ਕਾਨੂੰਨ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਬਾਰੇ ’ਤੇ ਮੁੜ ਵਿਚਾਰ ਕਰੇਗੀ। SA ਪੁਲਿਸ ਅਨੁਸਾਰ, 2002 ਤੋਂ ਬਾਅਦ ਡਿਊਟੀ ਦੌਰਾਨ ਇਹ ਕਿਸੇ ਅਫ਼ਸਰ ਦੀ ਪਹਿਲੀ ਮੌਤ ਸੀ।