ਗਰਮੀ ਨੇ ਆਸਟ੍ਰੇਲੀਆ ਵਾਸੀਆਂ ਦੇ ਕੱਢੇ ਵੱਟ, ਜਾਣੋ ਕਦੋਂ ਤੋਂ ਮਿਲੇਗੀ ਰਾਹਤ

ਮੈਲਬਰਨ: ਜਾਂਦੇ ਹੋਏ ਗਰਮੀ ਦੇ ਮੌਸਮ ਨੇ ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆ ’ਚ ਇਕ ਵਾਰੀ ਫਿਰ ਜ਼ੋਰ ਫੜ ਲਿਆ ਹੈ। ਗਰਮੀ ਤੋਂ ਸੋਮਵਾਰ ਨੂੰ ਵੀ ਰਾਹਤ ਮਿਲਣ ਦੀ ਉਮੀਦ ਨਹੀਂ ਜਾਪਦੀ ਹੈ। ਵੀਕਐਂਡ ਵਾਂਗ ਸੋਮਵਾਰ ਨੂੰ ਵੀ ਗੀਲੋਂਗ ਅਤੇ ਸਰਫ਼ ਕੋਸਟ ਏਰੀਆ ’ਚ ਤਾਪਮਾਨ 38 ਡਿਗਰੀ ਰਿਹਾ। ਐਤਵਾਰ ਸਵੇਰੇ ਵਿਕਟੋਰੀਆ ’ਚ ਘੱਟ ਤੋਂ ਘੱਟ ਤਾਪਮਾਨ ਵੀ 27 ਡਿਗਰੀ ਦਰਜ ਕੀਤਾ ਗਿਆ ਸੀ। ਤਸਮਾਨੀਆ ਦੇ ਹੋਬਾਰਟ ’ਚ ਗਰਮੀ ਨੇ 112 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਜਿੱਥੇ ਐਤਵਾਰ ਰਾਤ ਘੱਟ ਤੋਂ ਘੱਟ ਤਾਪਮਾਨ 24.3 ਡਿਗਰੀ ਸੈਂਟੀਗਰੇਡ ਰਿਹਾ।

ਸਕਾਈ ਨਿਊਜ਼ ਵੈਦਰ ਦੇ ਮੌਸਮ ਵਿਗਿਆਨੀ ਰੌਬ ਸ਼ਾਰਪ ਨੇ ਕਿਹਾ ਕਿ ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ਵਾਸੀਆਂ ਨੂੰ ਸੋਮਵਾਰ ਰਾਤ ਨੂੰ ਵੀ ਗਰਮ ਮੌਸਮ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਹਵਾਵਾਂ ਚੱਲਣ ਕਾਰਨ ਵਿਕਟੋਰੀਆ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਸ਼ਾਰਪ ਨੇ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟ ਤੋਂ ਘੱਟ 21 ਡਿਗਰੀ ਰਹਿਣ ਦੀ ਉਮੀਦ ਪ੍ਰਗਟਾਈ ਹੈ। ਜਦਕਿ ਸਾਊਥ ਆਸਟ੍ਰੇਲੀਆ ’ਚ ਵੀਰਵਾਰ ਤੋਂ ਬਾਅਦ ਤਾਪਮਾਨ 40 ਡਿਗਰੀ ਤੋਂ ਹੇਠਾਂ ਉਤਰਨ ਦੀ ਉਮੀਦ ਹੈ। ਵੈਸਟਰਨ ਆਸਟ੍ਰੇਲੀਆ ’ਚ ਵੀ ਤਾਪਮਾਨ ਅਗਲੇ ਕੁੱਝ ਦਿਨਾਂ ਅੰਦਰ 42 ਤੋਂ 43 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਨੌਰਦਰਨ ਟੈਰੀਟਰੀ ਅਤੇ ਕੁਈਨਜ਼ਲੈਂਡ ’ਚ ਮੀਂਹ ਪੈਣ ਦੀ ਸੰਭਾਵਨਾ ਹੈ।

ਵਧੀ ਗਰਮੀ ਕਾਰਨ ਵਿਕਟੋਰੀਆ ’ਚ ਬੁਸ਼ਫ਼ਾਇਰ ਫੈਲਣ ਦਾ ਖ਼ਤਰਾ ਵੇਖਦਿਆਂ ਅੱਗ ਲਾਉਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਸਖ਼ਤ ਗਰਮੀ ਸੋਮਵਾਰ ਨੂੰ ਹੋਣ ਵਾਲੀ ਮੁੰਬਾ ਪਰੇਡ ਨੂੰ ਦੀ ਰੱਦ ਕਰ ਦਿੱਤਾ ਗਿਆ।

Leave a Comment