ਡਰੱਗਜ਼ ਦੇ ਮਾਮਲੇ ’ਚ ਔਰਤਾਂ ਨੇ ਮਰਦਾਂ ਦੀ ਬਰਾਬਰੀ ਕੀਤੀ, ਜਾਣੋ ‘ਖ਼ਤਰਨਾਕ ਵਤੀਰੇ’ ਬਾਰੇ ਕੀ ਕਹਿੰਦੈ ਤਾਜ਼ਾ ਸਰਵੇ

ਮੈਲਬਰਨ: ਆਸਟ੍ਰੇਲੀਆ ’ਚ ਕਰਵਾਏ ਨੈਸ਼ਨਲ ਡਰੱਗ ਸਟ੍ਰੈਟਜੀ ਹਾਊਸਹੋਲਡ ਸਰਵੇ ਵਿੱਚ ਪਾਇਆ ਗਿਆ ਹੈ ਕਿ 18 ਤੋਂ 24 ਸਾਲ ਦੀ ਉਮਰ ਦੀਆਂ ਨੌਜਵਾਨ ਔਰਤਾਂ ਪਹਿਲੀ ਵਾਰ ਨੌਜਵਾਨ ਮਰਦਾਂ ਦੇ ਬਰਾਬਰ ਦਰ ਨਾਲ ਗ਼ੈਰਕਾਨੂੰਨੀ ਡਰੱਗਜ਼ ਲੈ ਰਹੀਆਂ ਹਨ। ਪਿਛਲੇ 12 ਮਹੀਨਿਆਂ ਵਿੱਚ ਹਰ ਤਿੰਨ ਵਿੱਚੋਂ ਇੱਕ ਤੋਂ ਵੱਧ ਨੌਜਵਾਨ ਔਰਤ ਜਾਂ 35٪ ਨੇ ਨਾਜਾਇਜ਼ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਹੈ, ਜੋ ਕਿ 2019 ਵਿੱਚ 27٪ ਸੀ। ਜਦਕਿ ਇਸੇ ਉਮਰ ਵਰਗ ਦੇ ਨੌਜਵਾਨਾਂ ਵੱਲੋਂ ਅਜਿਹਾ ਕਰਨ ਦੀ ਦਰ 35٪ ‘ਤੇ ਸਥਿਰ ਰਹੀ ਹੈ।

ਕੈਨਾਬਿਸ (ਜਾਂ ਭੰਗ) ਆਸਟ੍ਰੇਲੀਆਈ ਲੋਕਾਂ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਡਰੱਗਜ਼ ਬਣੀ ਹੋਈ ਹੈ, ਇਸ ਤੋਂ ਬਾਅਦ ਕੋਕੀਨ ਦਾ ਨੰਬਰ ਹੈ। 2019 ਅਤੇ 2022-23 ਦੇ ਵਿਚਕਾਰ ਨੌਜਵਾਨਾਂ ਵਿੱਚ ਭੰਗ ਦੀ ਵਰਤੋਂ ਵਿੱਚ 6٪ ਦਾ ਵਾਧਾ ਹੋਇਆ, ਅਤੇ ਉਸੇ ਸਮੇਂ ਦੌਰਾਨ ਕੋਕੀਨ ਦੀ ਵਰਤੋਂ ਵਿੱਚ ਲਗਭਗ 4٪ ਦਾ ਵਾਧਾ ਹੋਇਆ।

ਸਰਵੇਖਣ ਵਿਚ ਇਹ ਵੀ ਪਾਇਆ ਗਿਆ ਹੈ ਕਿ ਨੌਜਵਾਨ ਔਰਤਾਂ ਅਤੇ ਮਰਦਾਂ ਵਿਚ ਸ਼ਰਾਬ ਪੀਣ ਦੀ ਮਾਤਰਾ ’ਚ ਫਰ਼ਕ ਵੀ ਲਗਾਤਾਰ ਘਟਦਾ ਜਾ ਰਿਹਾ ਹੈ। ਨੌਜਵਾਨ ਮਰਦਾਂ ਵਿਚ ਖ਼ਤਰਨਾਕ ਹੱਦ ਤਕ ਜਾ ਕੇ ਸ਼ਰਾਬ ਪੀਣ ਦੀ ਦਰ ਘੱਟ ਰਹੀ ਹੈ ਅਤੇ ਜਵਾਨ ਔਰਤਾਂ ਵਿਚ ਵੱਧ ਰਹੀ ਹੈ। 18 ਤੋਂ 24 ਸਾਲ ਦੀ ਉਮਰ ਦੀਆਂ ਪੰਜ ਵਿੱਚੋਂ ਦੋ ਜਾਂ 40 ਫ਼ੀਸਦੀ ਜਵਾਨ ਔਰਤਾਂ ਸਿਫਾਰਸ਼ ਕੀਤੀ ਹੱਦ ਤੋਂ ਵੱਧ ਸ਼ਰਾਬ ਪੀਂਦੀਆਂ ਹਨ, ਜਦੋਂ ਕਿ 45٪ ਨੌਜਵਾਨ ਮਰਦ ਅਜਿਹਾ ਕਰਦੇ ਹਨ। ਸ਼ਰਾਬ ਨਾਲ ਸਬੰਧਤ ਮੌਤਾਂ ਵੀ ਦਸ ਸਾਲਾਂ ਦੇ ਉੱਚੇ ਪੱਧਰ ‘ਤੇ ਸਨ। 40 ਤੋਂ 54 ਸਾਲ ਦੀ ਉਮਰ ਦੀਆਂ ਔਰਤਾਂ ਨੇ ਜਿਗਰ ਦੀ ਬਿਮਾਰੀ ਦੀਆਂ ਦਰਾਂ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਹੈ।

Leave a Comment