ਮੈਲਬਰਨ: ਕਾਰ ਰਜਿਸਟ੍ਰੇਸ਼ਨ ਪਲੇਟਾਂ ਵੀ ਅੱਜਕਲ੍ਹ ਕੀਮਤੀ ਸੰਪਤੀਆਂ ਬਣ ਰਹੀਆਂ ਹਨ। ਇੱਕ ਗੁੰਮਨਾਮ ਖਰੀਦਦਾਰ ਨੇ ਹਾਲ ਹੀ ਵਿੱਚ ਡੋਨਿੰਗਟਨ ਆਕਸ਼ਨਜ਼ ਦੌਰਾਨ ਵਿਕਟੋਰੀਆ ਦੀ “ਸਭ ਤੋਂ ਖੁਸ਼ਕਿਸਮਤ” ਨੰਬਰ ਪਲੇਟ, 888-888 ਨੂੰ ਆਪਣੇ ਨਾਂ ਕਰਨ ਲਈ 230,000 ਡਾਲਰ ਦੀ ਭਾਰੀ-ਭਰਕਮ ਰਕਮ ਦਾ ਭੁਗਤਾਨ ਕੀਤਾ। ਦਿਲਚਸਪ ਗੱਲ ਇਹ ਹੈ ਕਿ ਜਿਸ ਗੱਡੀ ‘Mercedes-Benz CL600 V12’ ’ਤੇ ਇਹ ਨੰਬਰ ਪਲੇਟ ਲੱਗਣ ਵਾਲੀ ਹੈ ਉਸ ਦੀ ਕੀਮਤ ਇਸ ਰਕਮ ਤੋਂ ਪੰਜ ਗੁਣਾ ਘੱਟ ਹੈ। ਇਸ ਦੇ ਨਾਲ ਹੀ ਵਿਕਟੋਰੀਆ ਵਿੱਚ ਕਸਟਮ ਨਿਊਮੈਰਿਕਲ ਪਲੇਟਾਂ ਦਾ ਨਵਾਂ ਰਿਕਾਰਡ ਕਾਇਮ ਹੋ ਗਿਆ ਹੈ। ਇਸ ਤੋਂ ਪਹਿਲਾਂ 2022 ਵਿੱਚ ‘911-911’ ਨੰਬਰ 53,000 ਡਾਲਰ ’ਚ ਵਿਕਿਆ ਸੀ।
ਅਸਲ ’ਚ ਅੰਕ 8 ਨੂੰ ਚੀਨੀ ਸਭਿਆਚਾਰ ਵਿੱਚ ਖੁਸ਼ਕਿਸਮਤ ਮੰਨਿਆ ਜਾਂਦਾ ਹੈ, ਜਿਸ ਨਾਲ ਇਹ ਨੰਬਰ ਪਲੇਟਾਂ ਦੇ ਸ਼ੌਕੀਨਾਂ ਲਈ ਪਹਿਲੀ ਪਸੰਦ ਬਣ ਗਿਆ। ਹਾਲ ਹੀ ਦੇ ਸਾਲਾਂ ਵਿੱਚ ਕਸਟਮ ਅਤੇ ਵਿਰਾਸਤੀ ਪਲੇਟਾਂ ਦੀ ਲਾਗਤ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਦਾਹਰਣ ਵਜੋਂ, ਜਨਵਰੀ ਵਿੱਚ “NSW 1” ਪਲੇਟ ਨੂੰ ਇੱਕ ਬੋਲੀ ’ਚ 115 ਲੱਖ ਡਾਲਰ ’ਚ ਖ਼ਰੀਦਿਆ ਗਿਆ ਸੀ, ਜਿਸ ਨੇ ਨੰਬਰ ਪਲੇਟ ਨਿਲਾਮੀ ਲਈ ਪੂਰੇ ਆਸਟ੍ਰੇਲੀਆ ਦਾ ਰਿਕਾਰਡ ਕਾਇਮ ਕੀਤਾ। ਇਸੇ ਤਰ੍ਹਾਂ ਕੁਈਨਜ਼ਲੈਂਡ ਦੀ ‘Q 1’ 57 ਲੱਖ ਡਾਲਰ ‘ਚ ਵਿਕੀ। ਸੰਯੁਕਤ ਅਰਬ ਅਮੀਰਾਤ ‘ਚ ਦੋ ਅੱਖਰਾਂ ਵਾਲੀ ਦੁਬਈ ਪਲੇਟ ‘P7’ 2023 ‘ਚ ਇਕ ਗੁੰਮਨਾਮ ਬੋਲੀਦਾਤਾ ਨੂੰ ਵਿਸ਼ਵ ਰਿਕਾਰਡ 2.23 ਕਰੋੜ ਡਾਲਰ ‘ਚ ਵੇਚੀ ਗਈ ਸੀ।