ਮੈਲਬਰਨ: ਆਸਟ੍ਰੇਲੀਆ ’ਚ ਮਕਾਨ ਮਾਲਕ ਬਣਨਾ ਦਿਨ-ਬ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਰਸਤੇ ’ਚ ਸਭ ਤੋਂ ਵੱਡਾ ਰੇੜਕਾ ਮਕਾਨ ਖ਼ਰੀਦਣ ਲਈ ਦਿੱਤਾ ਜਾਣ ਵਾਲਾ ਲੰਪਸਮ ਹੈ। ਅੱਜ ਹੀ ਜਾਰੀ ਇੱਕ ਰਿਪੋਰਟ ’ਚ ਦੇਸ਼ ਦੇ ਵੱਖੋ-ਵੱਖ ਹਿੱਸਿਆਂ ’ਚ ਇਸ ਰਕਮ ਦੀ ਬੱਚਤ ਕਰਨ ’ਚ ਲੱਗਣ ਵਾਲੇ ਸਮੇਂ ਬਾਰੇ ਦੱਸਿਆ ਗਿਆ ਹੈ। ਰਿਪੋਰਟ ਅਨੁਸਾਰ ਪੂਰੇ ਆਸਟ੍ਰੇਲੀਆ ’ਚ ਔਸਤ ਆਮਦਨ ਵਾਲਿਆਂ ਨੂੰ ਮਕਾਨ ਖ਼ਰੀਦਣ ਲਈ ਮਕਾਨ ਦੀ ਕੀਮਤ ਦੀ 20 ਫ਼ੀ ਸਦੀ ਰਕਮ ਜਮ੍ਹਾਂ ਕਰਨ ’ਚ ਲਗਭਗ ਪੰਜ ਸਾਲਾਂ ਦਾ ਸਮਾਂ ਲਗਦਾ ਹੈ। ਜਦਕਿ ਯੂਨਿਟ ਖ਼ਰੀਦਣ ਲਈ ਰਕਮ ਜਮ੍ਹਾਂ ਕਰਨ ’ਚ ਸਾਢੇ ਤਿੰਨ ਸਾਲ ਦਾ ਸਮਾਂ ਲਗਦਾ ਹੈ। ਬਚਤ ਲਈ ਸਭ ਤੋਂ ਜ਼ਿਆਦਾ ਸਮਾਂ ਸਿਡਨੀ ’ਚ ਲਗਦਾ ਹੈ, ਜਿੱਥੇ ਮਕਾਨ ਖ਼ਰੀਦਣ ਦੇ ਯੋਗ ਹੋਣ ਲਈ 6 ਸਾਲ 8 ਮਹੀਨੇ ਬਚਤ ਕਰਨੀ ਪੈਂਦੀ ਹੈ ਅਤੇ ਯੂਨਿਟ ਖ਼ਰੀਦਣ ਦੇ ਯੋਗ ਹੋਣ ਲਈ 4 ਸਾਲ 6 ਮਹੀਨੇ ਲਗਦੇ ਹਨ।
ਮੈਲਬਰਨ ਇਕਲੌਤਾ ਸ਼ਹਿਰ ਹੈ ਜਿੱਥੇ ਏਨੀ ਰਕਮ ਜਮ੍ਹਾਂ ਕਰਨ ਲਈ ਬਚਤ ’ਚ ਪੰਜ ਸਾਲਾਂ ਪਹਿਲਾਂ ਤੋਂ ਘੱਟ ਸਮਾਂ ਲਗਦਾ ਹੈ। ਇੱਥੇ ਪੰਜ ਸਾਲ ਪਹਿਲਾਂ ਨਾਲੋਂ ਹੁਣ ਬਚਤ ਕਰਨ ’ਚ ਤਿੰਨ ਮਹੀਨੇ ਘੱਟ ਲਗਦੇ ਹਨ। ਜਦਕਿ ਐਡੀਲੇਡ ’ਚ ਹਾਲਤ ਸਭ ਤੋਂ ਮਾੜੀ ਹੈ ਜਿੱਥੇ ਬਚਤ ਕਰਨ ’ਚ ਪੰਜ ਸਾਲ ਪਹਿਲਾਂ ਨਾਲੋਂ 15 ਮਹੀਨੇ ਜ਼ਿਆਦਾ ਲਗਦੇ ਹਨ। ਹਾਲਾਂਕਿ ਸਰਕਾਰੀ ਮਦਦ ਨਾਲ ਮਕਾਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਹਾਲਾਤ ਸੌਖੇ ਹਨ। ਉਨ੍ਹਾਂ ਨੂੰ ਮਕਾਨ ਖ਼ਰੀਦਣ ਲਈ ਮਕਾਨ ਦੀ ਕੀਮਤ ਦੀ 2 ਫ਼ੀਸਦੀ ਰਕਮ ਜਮ੍ਹਾਂ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਸ ਲਈ 6 ਕੁ ਮਹੀਨੇ ਲਗਦੇ ਹਨ ਅਤੇ ਯੂਨਿਟ ਖ਼ਰੀਦਣ ਲਈ 5 ਕੁ ਮਹੀਨੇ।