ਮੈਲਬਰਨ: ਆਸਟ੍ਰੇਲੀਆ ਦੇ ਸਕੂਲਾਂ ’ਚ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਭਰ ਦੇ ਸਕੂਲਾਂ ਨੂੰ ਬੱਚਿਆਂ ਦੇ ਜਬਰਨ ਵਿਆਹਾਂ ’ਤੇ ਨਜ਼ਰ ਰੱਖਣ ਲਈ ਚੌਕਸ ਕੀਤਾ ਜਾ ਰਿਹਾ ਹੈ ਤਾਂ ਕਿ ਮਨੁੱਖੀ ਤਸਕਰੀ ਨੂੰ ਠੱਲ੍ਹ ਪੈ ਸਕੇ। ਫ਼ੈਡਰਲ ਪੁਲਿਸ ਨੇ ਕਿਹਾ ਹੈ ਕਿ ਆਸਟ੍ਰੇਲੀਆ ’ਚ ਜਬਰਨ ਵਿਆਹ ਮਨੁੱਖੀ ਤਸਕਰੀ ਦੀਆਂ ਸਭ ਤੋਂ ਆਮ ਘਟਨਾਵਾਂ ’ਚ ਸ਼ਾਮਲ ਹੈ।
ਪਿਛਲੇ 12 ਮਹੀਨਿਆਂ ਦੌਰਾਨ ਜਬਰਨ ਵਿਆਹ ਦੇ 90 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ ਲਗਭਗ ਅੱਧੇ ਕੇਸ ਨਾਬਾਲਗਾਂ ਨਾਲ ਸਬੰਧਤ ਹਨ। 2022 ’ਚ ਪੁਲਿਸ ਨੇ ਇੱਕ ਨਾਬਾਲਗ ਕੁੜੀ ਨੂੰ ਉਸ ਦੇ ਮਾਪਿਆਂ ਤੋਂ ਵੱਖ ਕਰ ਦਿੱਤਾ ਸੀ, ਜਿਸ ਨੇ ਆਪਣੇ ਜਬਰਨ ਵਿਆਹ ਵਿਰੁਧ ਸ਼ਿਕਾਇਤ ਕੀਤੀ ਸੀ। ਆਸਟ੍ਰੇਲੀਆ ’ਚ 2013 ਤੋਂ ਜਬਰਨ ਵਿਆਹਾਂ ’ਤੇ ਪਾਬੰਦੀ ਲੱਗੀ ਹੋਈ ਹੈ ਪਰ ਫਿਰ ਵੀ ਇਸ ਤਰ੍ਹਾਂ ਦੇ ਜੁਰਮਾਂ ਬਾਰੇ ਬਹੁਤ ਘੱਟ ਸ਼ਿਕਾਇਤਾਂ ਦਰਜ ਹੁੰਦੀਆਂ ਹਨ।
ਪੁਲਿਸ ਨੇ ਕਿਹਾ ਕਿ ਜਬਰਨ ਵਿਆਹ ਦੇ ਪ੍ਰਮੁੱਖ ਸੰਕੇਤਾਂ ’ਚ ਕਿਸੇ ਵੱਡੇ ਭੈਣ ਜਾਂ ਭਰਾ ਦੇ ਛੇਤੀ ਵਿਆਹੇ ਜਾਣ, ਤਣਾਅ ਦੇ ਸੰਕੇਤ, ਖ਼ੁਦ ਨੂੰ ਨੁਕਸਾਨ ਪਹੁੰਚਾਉਣਾ, ਪ੍ਰਵਾਰ ਵੱਲੋਂ ਬਹੁਤ ਜ਼ਿਆਦਾ ਕਾਬੂ ਕਰ ਕੇ ਰੱਖਣਾ, ਖ਼ੁਦ ਖ਼ਰਚ ਕਰਨ ਦੀ ਆਜ਼ਾਦੀ ਨਾ ਹੋਣਾ, ਦੂਜਿਆਂ ਨਾਲ ਗੱਲਬਾਤ ’ਤੇ ਸਖ਼ਤ ਨਿਗਰਾਨੀ ਸ਼ਾਮਲ ਹੈ।