ਸਿਡਨੀ ਵਾਸੀ ਭਾਰਤੀ ਮੂਲ ਦੀ ਔਰਤ ਨੂੰ ਦਿੱਲੀ ਹਾਈ ਕੋਰਟ ਨੇ ਜਾਰੀ ਕੀਤਾ ਕਾਰਨ ਦੱਸੋ ਨੋਟਿਸ, ਜਾਣੋ ਕੀ ਹੈ ਮਾਮਲਾ

ਮੈਲਬਰਨ: ਸਿਡਨੀ ’ਚ ਰਹਿੰਦੀ ਇੱਕ ਔਰਤ ਨੂੰ ਭਾਰਤ ਦੀ ਦਿੱਲੀ ਹਾਈ ਕੋਰਟ ਨੇ ਅਦਾਲਤ ਦੀ ਹੱਤਕ ਦੇ ਦੋਸ਼ ’ਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਦਰਅਸਲ ਅਨੀਤਾ ਕੁਮਾਰੀ ਗੁਪਤਾ ਇੱਕ ਕੇਸ ਦੀ ਸੁਣਵਾਈ ਦਿੱਲੀ ਹਾਈ ਕੋਰਟ ’ਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਹੋਈ ਸੀ ਅਤੇ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ।

ਪਰ ਜਦੋਂ ਕਿਸੇ ਹੋਰ ਦੇ ਕੇਸ ’ਤੇ ਉਸ ਦੀ ਵਾਰੀ ਤੋਂ ਪਹਿਲਾਂ ਹੀ ਸੁਣਵਾਈ ਸ਼ੁਰੂ ਹੋ ਗਈ ਤਾਂ ਉਸ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਜੱਜ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਨੂੰ ਬੁਰਾ-ਭਲਾ ਬੋਲਣਾ ਸ਼ੁਰੂ ਕਰ ਦਿੱਤਾ। ‘ਬਾਰ ਐਂਡ ਬੈਂਚ’ ਅਨੁਸਾਰ ਉਸ ਨੇ ਕਿਹਾ, ‘‘ਆਈਟਮ ਨੰ. 11 ਤੋਂ ਪਹਿਲਾਂ ਆਈਟਮ ਨੰ. 10 ਦੀ ਵਾਰੀ ਕਿਵੇਂ ਆ ਸਕਦੀ ਹੈ… ਇਹ ਸਾਲੀ ਕੀ ਕਰ ਰਹੀ ਹੈ? What the f*** is going on in this court.’’ ਇਸ ਤੋਂ ਬਾਅਦ ਜਸਟਿਸ ਕ੍ਰਿਸ਼ਨਾ ਨੇ ਖ਼ੁਦ ਘਟਨਾ ਦਾ ਨੋਟਿਸ ਲੈਂਦਿਆਂ ਗੁਪਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਕਿ ਉਸ ਨੂੰ ਅਦਾਲਤ ਦੀ ਹੱਤਕ ਲਈ ਸਜ਼ਾ ਕਿਉਂ ਨਾ ਦਿੱਤੀ ਜਾਵੇ। ਉਸ ਨੂੰ 16 ਅਪ੍ਰੈਲ ਨੂੰ ਭਾਰਤ ਆ ਕੇ ਅਦਾਲਤ ’ਚ ਖ਼ੁਦ ਪੇਸ਼ ਹੋਣ ਲਈ ਕਿਹਾ।

ਇਹੀ ਨਹੀਂ ਅਦਾਲਤ ਨੇ ਕਿਹਾ ਹੈ ਕਿ ਜੇਕਰ ਗੁਪਤਾ ਸੁਣਵਾਈ ਦੀ ਮਿਤੀ ਤੋਂ ਪਹਿਲਾਂ ਭਾਰਤ ਆ ਜਾਂਦੀ ਹੈ ਤਾਂ ਵਿਦੇਸ਼ੀ ਰੀਜਨਲ ਰਜਿਸਟਰੇਸ਼ਨ ਆਫ਼ਿਸ (FRRO) ਨੂੰ ਉਸ ਦਾ ਪਾਸਪੋਰਟ/ਵੀਜ਼ਾ ਵੀ ਜ਼ਬਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਸ ਨੂੰ ਅਦਾਲਤ ਦੀ ਇਜਾਜ਼ਤ ਤੋਂ ਬਗ਼ੈਰ ਭਾਰਤ ਛੱਡਣ ਦੇ ਹੁਕਮ ਨਹੀਂ ਹਨ। ਅਦਾਲਤ ਨੇ ਕੈਨਬਰਾ, ਆਸਟ੍ਰੇਲੀਆ ’ਚ ਹਾਈ ਕਮਿਸ਼ਨਰ ਨੂੰ ਇਹ ਹੁਕਮ ਅਨੀਤਾ ਕੁਮਾਰੀ ਗੁਪਤਾ ਨੂੰ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

Leave a Comment