ਰਿਕਾਰਡਤੋੜ! 6 ਮਹੀਨਿਆਂ ਦਾ ਮੀਂਹ ਸਿਰਫ਼ 24 ਘੰਟਿਆਂ ਅੰਦਰ, ਵਿਕਟੋਰੀਆ ’ਚ ਹਜ਼ਾਰਾਂ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਜਾਰੀ (Floods in Victoria)

ਮੈਲਬਰਨ: ਭਾਰੀ ਮੀਂਹ ਤੋਂ ਬਾਅਦ ਵਿਕਟੋਰੀਆ ’ਚ ਕਈ ਥਾਵਾਂ ’ਤੇ ਹੜ੍ਹ (Floods in Victoria) ਆ ਗਏ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਜਾ ਰਿਹਾ ਹੈ। ਭਾਰੀ ਬਾਰਸ਼ ਕਾਰਨ ਫਸੇ ਦਰਜਨਾਂ ਲੋਕਾਂ ਲਈ ਬਚਾਅ ਕਾਰਜ ਸ਼ੁਰੂ ਹੋ ਗਏ ਹਨ, ਜਦਕਿ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਜਾਰੀ ਰਹਿਣ ਕਾਰਨ ਹੜ੍ਹ ਦੀ ਹਾਲਤ ਹੋਰ ਬਦਤਰ ਹੋਵੇਗੀ। ਸੈਂਟਰਲ ਵਿਕਟੋਰੀਆ ਦੇ ਹੀਥਕੋਟ ਸ਼ਹਿਰ ਵਿੱਚ 24 ਘੰਟਿਆਂ ਅੰਦਰ ਹੀ ਆਮ ਤੌਰ ’ਤੇ ਤਿੰਨ ਮਹੀਨਿਆਂ ਜਿੰਨਾ ਮੀਂਹ ਪੈ ਗਿਆ। ਸੀਮੋਰ ਅਤੇ ਯੀਆਹ ਸ਼ਹਿਰਾਂ ਦੇ ਕੁਝ ਹਿੱਸਿਆਂ ਦੇ ਵਸਨੀਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਗਈ ਹੈ।

ਗਿਪਸਲੈਂਡ ਖੇਤਰ ਦੇ ਡਾਰਗੋ, ਮਾਫਰਾ, ਬੇਅਰਨਸਡੇਲ, ਓਰਬੋਸਟ, ਬੁਚਾਨ, ਮਲਾਕੂਟਾ, ਬੋਨਾਗ, ਮਾਊਂਟ ਬਾਓ ਬਾਓ ਅਤੇ ਓਮੀਓ ’ਚ ਤੇਜ਼ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸਥਾਨਕ ਤੌਰ ‘ਤੇ ਤੇਜ਼ ਮੀਂਹ ਪੈਣ ਦੀ ਭਵਿੱਖਬਾਣੀ ਹੈ ਜਿਸ ਨਾਲ ਖਤਰਨਾਕ ਅਤੇ ਜਾਨਲੇਵਾ ਫਲੈਸ਼ ਹੜ੍ਹ ਆ ਸਕਦੇ ਹਨ। ਕੁਝ ਹਿੱਸਿਆਂ ਵਿੱਚ 100 ਮਿਲੀਮੀਟਰ ਤੱਕ ਬਾਰਸ਼ ਹੋਣ ਦੀ ਉਮੀਦ ਹੈ। ਜਦਕਿ ਮਿਲਰ ਸਟ੍ਰੀਟ, ਲੋਨ ਸਟ੍ਰੀਟ, ਵਟਟਨ ਪਲੇਸ ਅਤੇ ਕੋਰਟ ਸਟ੍ਰੀਟ ’ਚ ਹੜ੍ਹ ਆ ਚੁੱਕੇ ਹਨ ਅਤੇ ਸਥਿਤੀ ਏਨੀ ਖ਼ਰਾਬ ਹੋ ਚੁੱਕੀ ਹੈ ਹੁਣ ਉੱਥੇ ਰਹਿ ਗਏ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਬਜਾਏ ਉਹ ਜਿੱਥੇ ਹਨ ਉੱਥੇ ਹੀ ਰਹਿਣ ਅਤੇ ਕਿਸੇ ਉੱਚੀ ਥਾਂ ’ਤੇ ਪੁੱਜਣ ਲਈ ਕਿਹਾ ਗਿਆ ਹੈ, ਕਿਉਂਕਿ ਹੜ੍ਹਾਂ ਦਾ ਪਾਣੀ ਦੂਜੀ ਮੰਜ਼ਿਲ ਤਕ ਪਹੁੰਚ ਸਕਦਾ ਹੈ।

ਗੁਆਂਢੀ ਸਟੇਟ ਨਿਊ ਸਾਊਥ ਵੇਲਜ਼ ’ਚ ਵੀ ਰਿਕਾਰਡਤੋੜ ਮੀਂਹ ਪੈਣ ਦੀਆਂ ਖ਼ਬਰਾਂ ਹਨ। ਬ੍ਰੋਕਨ ਹਿੱਲ ‘ਚ ਸ਼ਨੀਵਾਰ ਅਤੇ ਐਤਵਾਰ ਨੂੰ 100 ਮਿਲੀਮੀਟਰ ਤੋਂ ਵੱਧ ਬਾਰਸ਼ ਹੋਈ, ਜੋ ਪਿਛਲੇ ਛੇ ਮਹੀਨਿਆਂ ਵਿੱਚ ਸ਼ਹਿਰ ਵਿੱਚ ਹੋਈ ਕੁੱਲ ਬਾਰਸ਼ ਤੋਂ ਵੱਧ ਹੈ। ਇਹ ਮੀਂਹ ਨੇ 63 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਬ੍ਰੋਕਨ ਹਿੱਲ ਦਾ ਡਰੇਨੇਜ ਸਿਸਟਮ ਵੱਡੀ ਮਾਤਰਾ ਵਿੱਚ ਮੀਂਹ ਨੂੰ ਸੰਭਾਲਣ ਲਈ ਨਹੀਂ ਬਣਾਇਆ ਗਿਆ ਸੀ, ਸੀਵਰੇਜ ਫੈਲਣ ਦੀਆਂ ਰਿਪੋਰਟਾਂ ਸਨ। ਸੜਕਾਂ ਪਾਣੀ ’ਚ ਡੁੱਬੀਆਂ ਹੋਈਆਂ ਹਨ ਅਤੇ ਲੋਕਾਂ ਨੂੰ ਬਿਜਲੀ ਬੰਦ ਹੋਣ ਦੀ ਚੇਤਾਵਨੀ ਦਿਤੀ ਗਈ ਹੈ।

Leave a Comment