ਕਾ. ਪੂਰਨ ਸਿੰਘ ਨਾਰੰਗਵਾਲ ਜੀ ਦੇ ਵਿਛੋੜੇ ’ਤੇ ਅਦਾਰਾ ਤਾਸਮਨ ਵੱਲੋਂ ਦੁੱਖ ਦਾ ਪ੍ਰਗਟਾਵਾ

ਮੈਲਬਰਨ: ਇਹ ਖ਼ਬਰ ਸਾਹਿਤਕ, ਅਕਾਦਮਿਕ ਅਤੇ ਜਥੇਬੰਦਕ ਹਲਕਿਆਂ ਵਿਚ ਬੇਹੱਦ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਉੱਘੇ ਮਾਰਕਸਵਾਦੀ ਪੰਜਾਬੀ ਆਲੋਚਕ ਅਤੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵਕਾਰੀ ਅਹੁਦਿਆਂ ‘ਤੇ ਜ਼ਿੰਮੇਵਾਰੀ ਨਿਭਾਉਣ ਵਾਲੇ ਡਾ. ਸਰਬਜੀਤ ਸਿੰਘ ਜੀ ਦੇ ਸਤਿਕਾਰਤ ਪਿਤਾ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਆਪਣੇ ਪਿੰਡ ਨਾਰੰਗਵਾਲ ਵਿਖੇ ਸਦੀਵੀ ਵਿਛੋੜਾ ਦੇ ਗਏ ਹਨ।

ਗੌਰਤਲਬ ਹੈ ਕਿ ਵਿਛੜੇ ਸਾਥੀ ਕਾਮਰੇਡ ਪੂਰਨ ਸਿੰਘ ਭਾਰਤੀ ਕਮਿਊਨਿਸਟ ਪਾਰਟੀ, ਜ਼ਿਲ੍ਹਾ ਲੁਧਿਆਣਾ ਦੇ ਲੰਬਾ ਸਮਾਂ ਸਕੱਤਰ ਰਹੇ। ਉਹ ਪੰਜਾਬ ਵਿਚ ਖੇਤ ਮਜ਼ਦੂਰ ਸਭਾ ਦੀ ਸਥਾਪਨਾ ਕਰਨ ਵਾਲੇ ਬਾਨੀਆਂ ਵਿਚੋਂ ਇਕ ਸਨ। ਉਹਨਾਂ ਆਪਣੇ ਪਿੰਡ ਵਿਚ ਵਿਸ਼ਾਲ ਲਾਇਬਰੇਰੀ ਸਥਾਪਤ ਕੀਤੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੀਤੇ ਨੇਕ ਕੰਮਾਂ ਕਰ ਕੇ ਉਹ ਹਮੇਸ਼ਾ ਲੋਕ ਚੇਤਿਆਂ ਵਿੱਚ ਵੱਸੇ ਰਹਿਣਗੇ।

ਕੇਂਦਰੀ ਸਭਾ ਦੇ ਸਾਬਕਾ ਪ੍ਰਧਾਨ ਅਤੇ ਜਨਰਲ ਸਕੱਤਰ ਡਾ. ਸਰਬਜੀਤ ਸਿੰਘ, ਸਮੁੱਚੇ ਪਰਿਵਾਰ ਅਤੇ ਉਹਨਾਂ ਦੇ ਸੱਜਣਾਂ-ਸਨੇਹੀਆਂ ਨਾਲ ਸਾਹਿਤਕ ਪਰਚੇ ਤਾਸਮਨ ਦੀ ਸਮੁੱਚੀ ਸੰਪਾਦਕੀ ਅਤੇ ਪ੍ਰਬੰਧਕੀ ਟੀਮ ਹਰਮਨਦੀਪ ਚੜਿੱਕ (ਬ੍ਰਿਸਬੇਨ) , ਸਤਪਾਲ ਭੀਖੀ , ਤਰਨਦੀਪ ਬਿਲਾਸਪੁਰ (ਮੈਲਬਰਨ), ਵਰਿੰਦਰ ਅਲੀਸ਼ੇਰ (ਬ੍ਰਿਸਬੇਨ) ਅਤੇ ਡਾਃ ਸੁਮੀਤ ਸ਼ੰਮੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਅਦਾਰੇ ਵੱਲੋਂ ਹਰਮਨਦੀਪ ਚੜਿੱਕ (ਬ੍ਰਿਸਬੇਨ) ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਤੇ ਆਗੂ ਪੈਦਾ ਕਰਨ ਲਈ ਕਈ ਪੀੜੀਆਂ ਦੀ ਘਾਲਣਾ ਲੱਗਦੀ ਹੈ । ਡਾਃ ਸਰਬਜੀਤ ਸਿੰਘ ਦਾ ਸਾਹਿਤਕ ਤੇ ਸਮਾਜਿਕ ਹਲਕਿਆਂ ਵਿੱਚ ਉੱਚਾ ਕੱਦ ਬੁੱਤ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਦੀ ਅਗਾਂਹਵਧੂ ਪਰਵਰਿਸ ਦਾ ਸਿੱਟਾ ਹੈ । ਅਜਿਹੇ ਵਿੱਚ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਕਾਮਰੇਡ ਜੀ ਦੇ ਪਾਸੇ ਪੂਰਨਿਆਂ ਤੇ ਪੈੜ ਨੂੰ ਹੋਰ ਪਕੇਰੀ ਕਰੀਏ ।

ਮੈਲਬਰਨ (ਟੀਮ ਸੀ7 ਆਸਟਰੇਲੀਆ )

Leave a Comment