ਮੈਲਬਰਨ: ਨਿਊ ਸਾਊਥ ਵੇਲਜ਼ (NSW) ਦੀ ਪੁਲਿਸ ਨੇ ਜ਼ਹਿਰੀਲੇ ਜਾਨਵਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਆਸਟ੍ਰੇਲੀਆ ਤੋਂ ਹਾਂਗ ਕਾਂਗ ਤਸਕਰੀ ਕਰ ਕੇ ਭੇਜੇ ਜਾ ਰਹੇ ਸੈਂਕੜੇ ਕਿਰਲਿਆਂ (Lizard), ਸੱਪਾਂ ਅਤੇ ਅੰਡਿਆਂ ਨੂੰ ਤਰਸਯੋਗ ਹਾਲਾਤ ’ਚ ਬਚਾਇਆ ਗਿਆ ਹੈ। ਮੁਲਜ਼ਮ ਜਾਨਵਰਾਂ ਨੂੰ ਛੋਟੇ-ਛੋਟੇ ਡੱਬਿਆਂ ’ਚ ਬੰਦ ਕਰ ਕੇ ਡਾਕ ਰਾਹੀਂ ਚੀਨ ਭੇਜ ਰਹੇ ਸਨ।
ਇਸ ਗਰੋਹ ’ਚ ਤਿੰਨ ਜਣੇ ਸ਼ਾਮਲ ਸਨ ਜਿਸ ਨੂੰ 59 ਸਾਲਾਂ ਦੇ ਇੱਕ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਸੀ। ਉਸ ਨੇ 31 ਸਾਲਾਂ ਦੇ ਇੱਕ ਵਿਅਕਤੀ ਕਿਰਲਿਆਂ ਅਤੇ ਸੱਪਾਂ ਨੂੰ ਫੜਨ ਦੀ ਜ਼ਿੰਮੇਵਾਰੀ ਸੌਂਪੀ ਸੀ ਜਦਕਿ 41 ਸਾਲਾਂ ਦੀ ਔਰਤ ਦੀ ਜ਼ਿੰਮੇਵਾਰੀ ਇਨ੍ਹਾਂ ਦੀ ਆਵਾਜਾਈ ਕਰਨਾ ਅਤੇ ਸਮੁੰਦਰੋਂ ਪਾਰ ਭੇਜਣਾ ਸੀ। 31 ਸਾਲ ਦੇ ਵਿਅਕਤੀ ਕੋਲੋਂ 117 ਜ਼ਿੰਦਾ ਕਿਰਲੇ, 25 ਮਰੇ ਹੋਏ ਕਿਰਲੇ ਤਿੰਨ ਸੱਪ ਅਤੇ ਅੱਠ ਅੰਡੇ ਮਿਲੇ ਹਨ। ਕੁੱਲ ਮਿਲਾ ਕੇ ਅਜੇ ਤਕ 257 ਕਿਰਲੇ ਮਿਲ ਚੁੱਕੇ ਹਨ। ਹਰ ਕਿਰਲੇ ਨੂੰ 5 ਹਜ਼ਾਰ ਡਾਲਰ ’ਚ ਵੇਚਿਆ ਜਾ ਰਿਹਾ ਸੀ। ਸਾਰੇ ਜਾਨਵਰਾਂ ਦੀ ਕੁੱਲ ਕੀਮਤ 12 ਲੱਖ ਡਾਲਰ ਦੱਸੀ ਜਾ ਰਹੀ ਹੈ।
ਇਹ ਕਾਰੋਬਾਰ ਪਿਛਲੇ ਸਾਲ ਸਤੰਬਰ ’ਚ ਸ਼ੁਰੂ ਹੋਇਆ ਦੱਸਿਆ ਜਾ ਰਿਹਾ ਹੈ। ਪਰ ਪਿੱਛੇ ਜਿਹੇ ਡਾਕ ਵਿਭਾਗ ਵੱਲੋਂ ਪੈਕੇਜ ਨੂੰ ਸਕੈਨ ਕਰਨ ’ਤੇ ਇਸ ਗ਼ੈਰਕਾਨੂੰਨੀ ਕਾਰਵਾਈ ਦਾ ਦਾ ਪਤਾ ਲੱਗਾ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਨਵਰਾਂ ਨੂੰ ਮੁੜ ਜੰਗਲਾਂ ’ਚ ਛੱਡਿਆ ਜਾਵੇਗਾ, ਜਿਸ ਤੋਂ ਪਹਿਲਾਂ ਉਨ੍ਹਾਂ ਨੂੰ ਜਾਂਚ ਲਈ ਚਿੜਿਆ ਘਰ ਭੇਜਿਆ ਗਿਆ ਹੈ।