ਮੈਲਬਰਨ : ਨਿਊਜ਼ੀਲੈਂਡ `ਚ ਪੰਜਾਬੀ ਮੁੰਡੇ ਕੰਵਰਪਾਲ ਸਿੰਘ ਵੱਲੋਂ ਕਤਲ ਕੀਤੀ ਗਈ 21 ਸਾਲਾ ਕੁੜੀ ਫ਼ਰਜ਼ਾਨਾ ਯਾਕੂਬੀ ਦੇ ਕਤਲ ਕੇਸ (Farzana Murder Case) ਦੀ ਪੁਲੀਸ ਜਾਂਚ ਮੁਕੰਮਲ ਹੋਣ ਦੇ ਨੇੜੇ ਪੁੱਜ ਗਈ ਹੈ। ਯਾਕੂਬੀ ਨੇ ਆਪਣਾ ਕਤਲ ਹੋਣ ਤੋਂ ਦੋ ਮਹੀਨੇ ਪਹਿਲਾਂ ਸਿ਼ਕਾਇਤ ਦਰਜ ਕਰਵਾਈ ਸੀ ਕਿ ਉਸਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੌਣ ਸੀ ਇਸਦੇ ਪਿੱਛੇ ? ਰਿਪੋਰਟ ਰਾਹੀਂ ਇਸਦਾ ਖੁਲਾਸਾ ਹੋਵੇਗਾ।
ਪਿਛਲੇ ਸਾਲ ਦਸੰਬਰ `ਚ ਹੋਏ ਫ਼ਰਜ਼ਾਨਾ ਦੇ ਕਤਲ ਕੇਸ `ਚ ਕੰਵਰਪਾਲ ਸਿੰਘ 17 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ, ਜੋ ਆਕਲੈਂਡ ਦੀ ਕੁਈਨ ਸਟਰੀਟ `ਤੇ ਸਕਿਉਰਿਟੀ ਗਾਰਡ ਵਜੋਂ ਜੌਬ ਕਰਦਾ ਸੀ।
ਵਾਇਟੇਮਾਟਾ ਡਿਸਟ੍ਰਿਕ ਕਮਾਂਡਰ ਸੁਪਰਡੈਂਟ ਸ਼ੈਨਨ ਗ੍ਰੇਅ ਅਨੁਸਾਰ ਪੁਲੀਸ ਨੇ ਦੱਸਿਆ ਕਿ ਜਾਂਚ ਮੁਕੰਮਲ ਹੋਣ ਦੇ ਨੇੜੇ ਹੈ। ਪੁਲੀਸ ਰਿਕਾਰਡ ਅਨੁਸਾਰ ਯਾਕੂਬੀ ਨੇ 25 ਅਕਤੂਬਰ 2022 `ਚ ਪਹਿਲੀ ਵਾਰ ਸਿ਼ਕਾਇਤ ਕੀਤੀ ਸੀ। ਉਹ ਡੇਢ ਕੁ ਸਾਲ ਪਹਿਲਾਂ ਉਸਨੂੰ ਆਕਲੈਂਡ ਦੀ ਕੁਈਨ ਸਟਰੀਟ `ਤੇ ਮਿਲੀ ਸੀ ਤੇ ਦੋਵਾਂ ਨੇ ਇਕੱਠਿਆਂ ਬੈਠ ਕੇ ਕੌਫੀ ਪੀਤੀ ਸੀ। ਜਿਸ ਪਿੱਛੋਂ ਕੰਵਰਪਾਲ ਉਸਨੂੰ ਕੰਮ ਵਾਲੀ ਥਾਂ ਦੇ ਆਸੇ-ਪਾਸੇ ਤੰਗ-ਪ੍ਰੇਸ਼ਾਨ ਕਰਦਾ ਰਿਹਾ। ਟੈਕਸਟ ਰਾਹੀਂ ਵੀ ਧਮਕੀਆਂ ਦਿੰਦਾ ਸੀ ਅਤੇ ਯਾਕੂਬੀ ਨੇ ਕੰਵਰਪਾਲ ਵੱਲੋਂ ਦਿੱਤੇ ਧਮਕੀਆਂ ਭਰੇ ਟੈਕਸਟ ਦੇ ਅੱਠ ਸਕਰੀਨ ਸ਼ੌਟ ਪੁਲੀਸ ਨੂੰ ਭੇਜੇ ਸਨ।
ਅਜਿਹੇ ਸਭ ਕੁੱਝ ਤੋਂ ਬਾਅਦ ਇੱਕ ਦਿਨ ਕੰਵਰਪਾਲ ਨੇ ਯਾਕੂਬੀ ਦਾ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ ਸੀ। ਜਿਸਦੀ ਡਿਟੇਲ ਰਿਪੋਰਟ ਪੁਲੀਸ ਵੱਲੋਂ ਛੇਤੀ ਹੀ ਸਾਂਝੀ ਕੀਤੇ ਜਾਣ ਦੀ ਉਮੀਦ ਹੈ।