ਮੈਲਬਰਨ: ‘ਦ ਨੌਰਦਰਨ ਦੀਵਾਲੀ ਫ਼ੈਸਟੀਵਲ’ 28 ਅਕਤੂਬਰ ਨੂੰ ਦੱਖਣੀ ਮੋਰਾਂਗ ਦੇ ਵਿਟਲਸੀ ਸਿਵਿਕ ਸੈਂਟਰ ਦੇ ਲਾਅਨ ’ਚ ਮਨਾਇਆ ਜਾਵੇਗਾ। ਸਾਰਾ ਦਿਨ ਸੰਗੀਤ, ਭੋਜਨ, ਡਾਂਸ ਅਤੇ ਹੋਰ ਬਹੁਤ ਕਈ ਸਰਗਰਮੀਆਂ ਨਾਲ ਭਰਪੂਰ ਮੇਲਾ ਰਾਤ 8:30 ਵਜੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਨਾਲ ਮੁਕੰਮਲ ਹੋਵੇਗਾ।
ਮਿਸ਼ਨ ਸਮਾਈਲ ਇੰਕ. ਦੀ ਮੁਖੀ ਸੁਨੀਲ ਗੋਇਲ ਨੇ ਲਗਾਤਾਰ ਛੇਵੇਂ ਸਾਲ ਮਨਾਏ ਜਾ ਰਹੇ ਇਨ੍ਹਾਂ ਜਸ਼ਨਾਂ ਬਾਰੇ ਕਿਹਾ, ‘‘ਦੀਵਾਲੀ ਇੱਕ ਖੁਸ਼ੀਆਂ ਭਰਿਆ ਅਤੇ ਜੀਵੰਤ ਤਿਉਹਾਰ ਹੈ ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਵੱਲੋਂ ਮਨਾਇਆ ਜਾਂਦਾ ਹੈ, ਖਾਸ ਕਰ ਕੇ ਭਾਰਤੀ ਉਪ ਮਹਾਂਦੀਪ ਵਿੱਚ।’’ ਉਨ੍ਹਾਂ ਕਿਹਾ, ‘‘ਇਹ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਅਤੇ ਬੁਰਾਈ ਉੱਤੇ ਚੰਗਿਆਈ ਦਾ ਪ੍ਰਤੀਕ ਹੈ। ਦੀਵਾਲੀ ਸਮਾਗਮ ਦੀ ਮੇਜ਼ਬਾਨੀ ਕਰਨਾ ਬਹੁਤ ਉਤਸ਼ਾਹਜਨਕ ਕੰਮ ਹੁੰਦਾ ਹੈ ਕਿਉਂਕਿ ਇਹ ਲੋਕਾਂ ਵਿੱਚ ਏਕਤਾ, ਭਾਈਚਾਰੇ, ਅਤੇ ਸੱਭਿਆਚਾਰਕ ਜਸ਼ਨ ਦੀ ਭਾਵਨਾ ਪੈਦਾ ਕਰਦਾ ਹੈ।’’
ਉਨ੍ਹਾਂ ਕਿਹਾ ਕਿ ਅਜਿਹੇ ਸਾਰਥਕ ਅਤੇ ਅਨੰਦਮਈ ਤਿਉਹਾਰ ਨੂੰ ਮਨਾਉਣ ਲਈ ਲੋਕਾਂ ਨੂੰ ਇਕੱਠੇ ਲਿਆਉਣਾ ਇੱਕ ਦਿਲਚਸਪ ਅਤੇ ਆਨੰਦ ਭਰਪੂਰ ਤਜਰਬਾ ਹੈ। ਇਸ ਸਮਾਗਮ ’ਚ ਮਿੱਲ ਪਾਰਕ ਦੀ ਸੰਸਦ ਮੈਂਬਰ ਲਿਲੀ ਡੀ’ਐਮਬਰੋਸੀਓ ਸਮੇਤ ਕਈ ਮਹਿਮਾਨ ਸ਼ਾਮਲ ਹੋਣਗੇ। ਸਮਾਗਮ ਦੁਪਹਿਰ ਤੋਂ ਸ਼ੁਰੂ ਹੁੰਦਾ ਹੈ ਅਤੇ ਦੇਰ ਰਾਤ ਤੱਕ ਮਨਾਇਆ ਜਾਵੇਗਾ।