ਮੈਲਬਰਨ ਨੇੜੇ ਵੱਡੇ ਧਮਾਕੇ ਨੇ ਡਰਾਏ ਲੋਕ, ਜਾਣੋ ਕੀ ਸੀ ਕਾਰਨ

ਮੈਲਬਰਨ: ਬੀਤੀ ਰਾਤ ਮੈਲਬਰਨ ਦੇ ਉੱਤਰ-ਪੂਰਬ ’ਚ ਇੱਕ ਵੱਡੇ ਧਮਾਕੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਧਮਾਕਾ ਇੱਕ ਉਲਕਾ  (Meteor) ਕਾਰਨ ਹੋਇਆ ਮੰਨਿਆ ਜਾ ਰਿਹਾ ਹੈ। ਧਮਾਕੇ ਦੀ ਆਵਾਜ਼ ਰਾਤ 9 ਵਜੇ ਦੇ ਕਰੀਬ ਡੋਰੀਨ ਅਤੇ ਮੇਰੰਡਾ ਦੇ ਉਪਨਗਰਾਂ ਦੇ ਆਲੇ-ਦੁਆਲੇ ਸੁਣੀ ਗਈ। ਧਮਾਕੇ ਬਾਰੇ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਵਿੱਚ ਪਹਿਲਾਂ ਇੱਕ ਸੰਤਰੀ ਰੌਸ਼ਨੀ ਦਿਖਾਈ ਦਿੱਤੀ, ਇਸ ਤੋਂ ਇਕ ਸਕਿੰਟ ਮਗਰੋਂ ਹੀ ਵੱਡੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।

ਧਮਾਕੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ ਹੈ। ਸੈਂਕੜੇ ਲੋਕਾਂ ਨੇ ਧਮਾਕੇ ਦੀ ਪੁਸ਼ਟੀ ਕੀਤੀ ਅਤੇ ਇਸਦੇ ਸਰੋਤ ਬਾਰੇ ਅੰਦਾਜ਼ੇ ਲਾਏ। ਕਈ ਫ਼ਿਕਰਮੰਦ ਲੋਕਾਂ ਨੇ ਆਪਣੇ ਅੰਦਾਜ਼ੇ ’ਚ ਧਮਾਕੇ ਦਾ ਕਾਰਨ ਡਿੱਗ ਰਹੇ ਨਿਰਮਾਣ ਉਪਕਰਣ ਅਤੇ ਨਸ਼ਾ ਤਿਆਰ ਕਰ ਰਹੀਆਂ ਨਾਜਾਇਜ਼ ਪ੍ਰਯੋਗਸ਼ਾਲਾਵਾਂ ਨੂੰ ਦਸਿਆ। ਕੁਝ ਨੇ ਤਾਂ ਇਸ ਨੂੰ ਏਲੀਅਨਜ਼ ਦਾ ਹਮਲਾ ਵੀ ਕਰਾਰ ਦੇ ਦਿਤਾ। ਵਿਕਟੋਰੀਆ ਦੀ ਪੁਲਿਸ ਨੇ ਵੀ ਧਮਾਕੇ ਦੀ ਆਵਾਜ਼ ਵਲ ਆਪਣੇ ਅਫ਼ਸਰਾਂ ਨੂੰ ਭੇਜਿਆ ਪਰ ਉਨ੍ਹਾਂ ਨੂੰ ਧਮਾਕੇ ਦੇ ਸਰੋਤ ਦੀ ਕੋਈ ਜਾਣਕਾਰੀ ਨਹੀਂ ਮਿਲੀ।

ਹਾਲਾਂਕਿ ਖਗੋਲ ਭੌਤਿਕ ਵਿਗਿਆਨੀ ਡਾ. ਕਲੇਰ ਕੇਨਿਯਨ ਨੇ ਕਿਹਾ ਕਿ ਧਮਾਕੇ ਦਾ ਸਰੋਤ ਸੰਭਵ ਤੌਰ ’ਤੇ ਇੱਕ ਉਲਕਾ ਹੈ। ਮੀਡੀਆ ਨੂੰ ਦਿੱਤੇ ਬਿਆਨ ’ਚ ਉਨ੍ਹਾਂ ਕਿਹਾ, ‘‘ਜਦੋਂ ਉਲਕਾ ਧਰਤੀ ਵੱਲ ਡਿੱਗਦਾ ਹੈ ਤਾਂ ਇਸ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਅਤੇ ਇਹ ਗਰਮ ਹੋ ਜਾਂਦਾ ਹੈ ਅਤੇ ਤੇਜ਼ ਆਵਾਜ਼ ਨਾਲ ਫੱਟ ਜਾਂਦਾ ਹੈ। ਅਸਲ ’ਚ ਇਸ ਦੀ ਰਫ਼ਤਾਰ ਹਵਾ ਦੇ ਕਣਾਂ ਵੱਲੋਂ ਆਵਾਜ਼ ਨੂੰ ਧੱਕਣ ਦੀ ਰਫ਼ਤਾਰ ਤੋਂ ਵੀ ਤੇਜ਼ ਹੋ ਜਾਂਦੀ ਹੈ, ਜਿਸ ਕਾਰਨ ਧਮਾਕਾ ਹੁੰਦਾ ਹੈ।’’ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਉਲਕਾ ਇੱਕ ਫੁਟਬਾਲ ਦੀ ਗੇਂਦ ਦੇ ਆਕਾਰ ਦਾ ਸੀ ਅਤੇ ਉੱਤਰੀ ਉਪਨਗਰਾਂ ਵਿੱਚ ਇਸ ਦੇ ਟੁਕੜੇ ਡਿੱਗਣ ਦੀ ਸੰਭਾਵਨਾ ਹੈ।

Leave a Comment