ਆਪਣੇ ਖੇਤਾਂ ਦਾ ਬਚਾਅ ਕਰ ਰਹੇ ਵਿਅਕਤੀ ਦੀ ਅੱਗ ਲੱਗਣ ਕਾਰਨ ਮੌਤ (NSW bushfire)

ਮੈਲਬਰਨ: ਨਿਊ ਸਾਊਥ ਵੇਲਜ਼ ਦੇ ਕੈਂਪਸੀ ਨੇੜੇ ਜੰਗਲੀ ਅੱਗ ਤੋਂ ਆਪਣੇ ਖੇਤਾਂ ਦਾ ਬਚਾਅ ਕਰਦੇ ਹੋਏ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਟੈਮਾਗੋਗ ਵਿਖੇ ਸਟੋਨੀ ਕ੍ਰੀਕ ਲੇਨ ਨੇੜੇ 56 ਸਾਲਾਂ ਦਾ ਰਿਚਰਡ ਮੇਈਨੀ ਰਾਤ 10:15 ਵਜੇ ਦੇ ਕਰੀਬ ਲਾਪਤਾ ਹੋ ਗਿਆ ਸੀ। ਉਸ ਦੀ ਲਾਸ਼ ਪੁਲਿਸ ਵੱਲੋਂ ਕੈਂਪਸੀ ਤੋਂ ਲਗਭਗ 30 ਕਿਲੋਮੀਟਰ ਪੱਛਮ ਵੱਲ ਸੜੇ ਹੋਏ ਬੁਲਡੋਜ਼ਰ ਦੇ ਕੋਲ ਮਿਲੀ।

ਐਨ.ਐਸ.ਡਬਲਯੂ. ਦੇ ਪੁਲਿਸ ਸੁਪਰਡੈਂਟ ਸ਼ੇਨ ਕਰਿਬ ਨੇ ਇਸ ਘਟਨਾ ਨੂੰ ‘ਦੁਖਦਾਈ’ ਦੱਸਿਆ ਹੈ। ਉਨ੍ਹਾਂ ਕਿਹਾ, ‘‘ਸਾਡਾ ਮੰਨਣਾ ਹੈ ਕਿ ਉਹ ਅੱਗ ਨੂੰ ਰੋਕਣ ਲਈ ਕੁਝ ਰੁਕਾਵਟਾਂ ਲਗਾ ਰਿਹਾ ਸੀ, ਪਰ ਇਹ ਜਾਂਚ ਦਾ ਹਿੱਸਾ ਹੋਵੇਗਾ। ਅਸੀਂ ਪਰਿਵਾਰ ਦੀ ਭਲਾਈ ਲਈ ਜਿੰਨਾ ਹੋ ਸਕੇ ਆਪਣੇ ਵੱਲੋਂ ਕਰਾਂਗੇ।’’ ਰਿਚਰਡ ਦੀ ਪਤਨੀ ਅਤੇ ਭਰਾ ਨੇ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਸ ਦੇ ਭਰਾ ਨੇ ਇਕ ਫ਼ੇਸਬੁੱਕ ਪੋਸਟ ’ਚ ਰਿਚਰਡ ਨੂੰ ਇਕ ਬਹੁਤ ਵਧੀਆ ਭਰਾ ਅਤੇ ਚਾਚਾ ਦਸਿਆ ਹੈ ਜੋ ਕਿ ਜ਼ਰੂਰਤ ਸਮੇਂ ਹਮੇਸ਼ਾ ਮੌਜੂਦ ਰਹਿੰਦਾ ਸੀ।

ਵਿਲੀ ਵਿਲੀ ਨੈਸ਼ਨਲ ਪਾਰਕ ਅਤੇ ਬੂਨਾਂਗੀ ਨੇਚਰ ਰਿਜ਼ਰਵ, ਕੇਮਪਸੀ ਦੇ ਨੇੜੇ ਅਤੇ ਪੋਰਟ ਮੈਕਵੇਰੀ ਦੇ ਉੱਤਰ ਵਿੱਚ ਲੱਗੀ ਅੱਗ ਨੇ 22,000 ਹੈਕਟੇਅਰ ਤੋਂ ਵੱਧ ਇਲਾਕੇ ਨੂੰ ਸਾੜ ਦਿੱਤਾ ਹੈ। ਅੱਗ ਨਾਲ ਸਥਾਨਕ ਲੋਕ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਹਵਾਵਾਂ ਕਾਰਨ ਅੱਗ ਦਾ ਉੱਤਰੀ ਦਿਸ਼ਾ ’ਚ ਵਧਣਾ ਜਾਰੀ ਹੈ।

Leave a Comment