ਮੈਲਬਰਨ: ਵਿਕਟੋਰੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਮਲਟੀ-ਕਲਚਰਲ ਕਮਿਊਨਿਟੀ ਇਨਫਰਾਸਟਰੱਕਚਰ ਫੰਡ (Funding for Multicultural Community Infrastructure)ਰਾਹੀਂ ਭਾਈਚਾਰਕ ਸੰਸਥਾਵਾਂ ਨੂੰ ਸਮਰਥਨ ਜਾਰੀ ਰੱਖਣ ਲਈ 16 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰੇਗੀ। 4 ਲੱਖ ਡਾਲਰ ਤੱਕ ਦੀਆਂ ਗ੍ਰਾਂਟਾਂ ਦੀ ਵਰਤੋਂ ਭਾਈਚਾਰਕ ਸਹੂਲਤਾਂ ਦੀ ਉਸਾਰੀ ਜਾਂ ਮੁਰੰਮਤ ਕਰਨ ਲਈ ਕੀਤੀ ਜਾ ਸਕਦੀ ਹੈ ਜਿੱਥੇ ਇਹ ਭਾਈਚਾਰੇ ਆਪਣੇ ਇਤਿਹਾਸ ਅਤੇ ਰਵਾਇਤਾਂ ਨੂੰ ਮਾਣ ਸਕਣ ਅਤੇ ਸੰਪਰਕ ਬਣਾ ਸਕਣ। ਵਿਕਟੋਰੀਆ ਦੇ ਭਾਰਤੀ, ਚੀਨੀ, ਗ੍ਰੀਕ, ਇਤਾਲਵੀ, ਇਸਲਾਮਿਕ ਅਤੇ ਲੇਬਨਾਨੀ ਭਾਈਚਾਰਿਆਂ ਲਈ ਸਮਰਪਿਤ ਫੰਡ ਵੀ ਉਪਲਬਧ ਹਨ।
ਸੰਸਥਾਵਾਂ ਅਤੇ ਭਾਈਚਾਰਕ ਸਮੂਹ ਬਹੁ-ਸੱਭਿਆਚਾਰਕ ਅਜਾਇਬ ਘਰ ਸਥਾਪਤ ਕਰਨ ਲਈ ਥਾਂ ਲੱਭਣ ਅਤੇ ਉਸਾਰੀ ਦੀ ਸੰਭਾਵਨਾ ਦੇ ਅਧਿਐਨ ਦੀ ਫੰਡਿੰਗ ਲਈ ਵੀ ਅਰਜ਼ੀ ਦੇ ਸਕਦੇ ਹਨ। ਵਿਕਟੋਰੀਆ ਦੀਆਂ ਖੇਤਰੀ ਅਰਜ਼ੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਜਿਵੇਂ ਕਿ ਬਹੁ-ਸੱਭਿਆਚਾਰਕ ਔਰਤਾਂ, ਲਿੰਗ ਵੰਨ-ਸੁਵੰਨੇ ਵਿਕਟੋਰੀਅਨ, ਅਤੇ ਨਵੇਂ ਅਤੇ ਉੱਭਰ ਰਹੇ ਭਾਈਚਾਰਿਆਂ ਦਾ ਸਮਰਥਨ ਕਰਨ ਵਾਲੇ ਸਮੂਹ।
ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਇੰਗ੍ਰਿਡ ਸਟਿੱਟ ਨੇ ਕਿਹਾ ਕਿ ਫੰਡਿੰਗ ਹੋਰ ਵਿਕਟੋਰੀਆ ਵਾਸੀਆਂ ਨੂੰ ਸੁਰੱਖਿਅਤ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਮਦਦ ਕਰ ਰਹੀ ਹੈ ਜੋ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਂਦੀਆਂ ਹਨ। ਅਰਜ਼ੀਆਂ ਬੁੱਧਵਾਰ, ਦਸੰਬਰ 6 ਨੂੰ ਬੰਦ ਹੋਣਗੀਆਂ ਜੋ ਹੇਠਾਂ ਦਿੱਤੇ ਲਿੰਕ ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ:
https://www.vic.gov.au/multicultural-community-infrastructure-fund