ਹੁਣ ਦਵਾਈ ਤੋਂ ਬਗੈਰ ਮਿਲੇਗੀ ਦਰਦ ਤੋਂ ਨਿਜਾਤ! ਸਿਡਨੀ ਦੀ UNSW ’ਚ ਵਿਗਿਆਨੀਆਂ ਦੀ ਨਵੀਂ ਖੋਜ

ਮੈਲਬਰਨ : ਚਿਰਕਾਲੀਨ ਦਰਦ ਨਾਲ ਨਜਿੱਠਣ ਲਈ ਇੱਕ ਨਵਾਂ ਦਵਾਈ-ਮੁਕਤ ਤਰੀਕਾ ਬਣਾਇਆ ਗਿਆ ਹੈ। ਖੋਜਕਰਤਾਵਾਂ ਅਨੁਸਾਰ ਉਨ੍ਹਾਂ ਨੇ ‘ਦਰਦ ਅਤੇ ਭਾਵਨਾ ਥੈਰੇਪੀ’ ਵਿਕਸਤ ਕੀਤੀ ਹੈ ਜੋ ਮਰੀਜ਼ਾਂ ਦੀਆਂ ਭਾਵਨਾਵਾਂ ਨੂੰ ਨਿਯਮਤ ਕਰ ਕੇ ਦਰਦ ਦੀ ਤੀਬਰਤਾ ਨੂੰ ਘਟਾਉਂਦਾ ਹੈ।

UNSW ਸਿਡਨੀ ਅਤੇ ਨਿਊਰੋਸਾਇੰਸ ਰਿਸਰਚ ਆਸਟ੍ਰੇਲੀਆ ਦੇ ਪ੍ਰੋਫੈਸਰ Sylvia Gustin ਅਤੇ Dr Nell Norman-Nott ਦੀ ਅਗਵਾਈ ਵਿੱਚ ਕੀਤੀ ਖੋਜ ਅਨੁਸਾਰ ਇਹ ਸਿਰਫ ਇੱਕ ਅਸਥਾਈ ਰਾਹਤ ਨਹੀਂ ਹੈ, ਬਲਕਿ ਚਿਰਕਾਲੀਨ ਦਰਦ ਤੋਂ ਪ੍ਰਭਾਵਿਤ ਲੋਕਾਂ ਲਈ ਜੀਵਨ ਦੀ ਗੁਣਵੱਤਾ ਵਿੱਚ ਸੰਭਾਵਿਤ ਲੰਬੇ ਸਮੇਂ ਲਈ ਸੁਧਾਰ ਹੈ। ਮਾਰਚ 2023 ਤੋਂ ਸਤੰਬਰ 2024 ਤੱਕ ਚੱਲੇ ਇੱਕ ਟਰਾਇਲ ਵਿੱਚ ਚਿਰਕਾਲੀਨ ਦਰਦ ਤੋਂ ਪੀੜਤ 89 ਆਸਟ੍ਰੇਲੀਆਈ ਨਾਗਰਿਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਦੇ ਦਰਦ ’ਚ 100 ਦੇ ਸਕੇਲ ’ਤੇ 10 ਪੁਆਇੰਟਸ ਤਕ ਦੀ ਕਮੀ ਵੇਖੀ ਗਈ। ਮੈਡੀਕਲ ਰਿਸਰਚ ਫਿਊਚਰ ਫੰਡ ਦੁਆਰਾ ਸਹਾਇਤਾ ਪ੍ਰਾਪਤ ਇੱਕ ਵੱਡਾ ਕਲੀਨਿਕਲ ਟਰਾਇਲ, 2026 ਵਿੱਚ ਸ਼ੁਰੂ ਹੋਣ ਵਾਲਾ ਹੈ, ਜਿਸ ਵਿੱਚ ਮਰੀਜ਼ਾਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ।