ਮੈਲਬਰਨ : ਭਾਰਤ ਦੇ ਉੱਤਰ ਪ੍ਰਦੇਸ਼ ਸਟੇਟ ਦੇ ਅਯੋਧਿਆ ਵਾਸੀ ਇੱਕ ਕੁੜੀ ਲਈ, ਇੱਕ ਆਨਲਾਈਨ ਪ੍ਰੇਮ ਕਹਾਣੀ ਮੁਸ਼ਕਲਾਂ ਦਾ ਕਾਰਨ ਬਣ ਗਈ ਹੈ। ਮਾਮਲਾ 2020 ਦੇ ਲਾਕਡਾਊਨ ਤੋਂ ਸ਼ੁਰੂ ਹੋਇਆ ਜਦੋਂ ਅਯੁੱਧਿਆ ਦੀ ਇੱਕ ਠੇਕੇ ’ਤੇ ਕੰਮ ਕਰਨ ਵਾਲੀ ਸਿਹਤ ਕਰਮਚਾਰੀ ਨੇ ਆਨਲਾਈਨ ਲੂਡੋ ਖੇਡਣਾ ਸ਼ੁਰੂ ਕੀਤਾ। ਉਸ ਦੀ ਦੋਸਤੀ ਪੰਜਾਬ ਦੇ ਨਵਾਂਸ਼ਹਿਰ ਮੂਲ ਦੇ ਅਨਿਕੇਤ ਸ਼ਰਮਾ ਨਾਂ ਦੇ ਇੱਕ ਮੁੰਡੇ ਨਾਲ ਹੋਈ।
ਦੋਹਾਂ ਵਿਚਕਾਰ ਨਜ਼ਦੀਕੀਆਂ ਵਧਣ ਲੱਗੀਆਂ ਅਤੇ ਦੋਹਾਂ ਨੇ ਵਿਆਹ ਦਾ ਵਾਅਦਾ ਕਰ ਲਿਆ। 6 ਮਈ, 2023 ਨੂੰ ਦੋਹਾਂ ਦਾ ਵਿਆਹ ਹੋ ਗਿਆ, ਪਰ ਅਨਿਕੇਤ ਦੇ ਪਰਿਵਾਰ ਵਾਲੇ ਵਿਆਹ ’ਚ ਸ਼ਾਮਲ ਨਹੀਂ ਹੋਏ। ਵਿਆਹ ਤੋਂ ਬਾਅਦ ਦੋਵੇਂ ਹੋਟਲਾਂ ’ਚ ਰੁਕੇ। ਪਰ ਤਿੰਨ ਕੁ ਦਿਨਾਂ ਬਾਅਦ ਅਨਿਕੇਤ ਦਫਤਰ ਦੇ ਕੰਮ ਦੇ ਬਹਾਨੇ ਆਸਟ੍ਰੇਲੀਆ ਆ ਗਿਆ। ਕੁੱਝ ਦਿਨ ਦੋਹਾਂ ਵਿਚਕਾਰ ਗੱਲਬਾਤ ਜਾਰੀ ਰਹੀ, ਪਰ ਜਦੋਂ ਕੁੜੀ ਨੇ ਉਸ ਕੋਲ ਆਉਣ ਦੀ ਜ਼ਿੱਦ ਕੀਤੀ ਤਾਂ ਅਨੀਕੇਤ ਨੇ ਉਸ ਨੂੰ ਟਾਲ ਦਿੱਤਾ। ਹੌਲੀ-ਹੌਲੀ ਦੋਵਾਂ ਵਿਚਾਲੇ ਫੋਨ ’ਤੇ ਬਹਿਸ ਹੋਣ ਲੱਗੀ ਅਤੇ ਲੜਕੀ ਨੂੰ ਅਨਿਕੇਤ ਦੇ ਇਰਾਦਿਆਂ ’ਤੇ ਸ਼ੱਕ ਹੋਣ ਲੱਗਾ।
ਲੜਕੀ ਮੁਤਾਬਕ ਅਨੀਕੇਤ ਨੇ ਉਸ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ’ਤੇ ਉਸ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਇਹ ਚਾਰ ਮਹੀਨਿਆਂ ਤੱਕ ਚਲਦਾ ਰਿਹਾ। 19 ਸਤੰਬਰ , 2023 ਨੂੰ ਲੜਕੀ ਟੂਰਿਸਟ ਵੀਜ਼ਾ ਲੈ ਕੇ ਆਸਟ੍ਰੇਲੀਆ ਪਹੁੰਚੀ, ਜਿੱਥੇ ਅਨਿਕੇਤ ਦੇ ਝੂਠ ਦਾ ਪਰਦਾਫਾਸ਼ ਹੋਇਆ। ਉਸ ਨੂੰ ਪਤਾ ਲੱਗਿਆ ਕਿ ਅਨਿਕੇਤ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਮਾਪੇ ਪੰਜਾਬ ਵਿੱਚ ਰਹਿੰਦੇ ਸਨ।
ਜਦੋਂ ਲੜਕੀ ਅਨਿਕੇਤ ਦੇ ਪਰਿਵਾਰ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਉਸ ਨੂੰ ਭਜਾ ਦਿੱਤਾ। ਜਦੋਂ ਕੁੜੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਅਨਿਕੇਤ ਅਤੇ ਉਸ ਦੀ ਪਤਨੀ ਕਿੱਟੀ ਸ਼ਰਮਾ ਨੇ ਡਰ ਕੇ ਉਸ ਨੂੰ ਤਲਾਕ ਦੇ ਜਾਅਲੀ ਕਾਗਜ਼ ਦਿਖਾਏ ਅਤੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਹੁਣ ਵੱਖ ਹੋ ਗਏ ਹਨ। ਲੜਕੀ ਨੇ ਰਿਸ਼ਤੇ ਨੂੰ ਬਚਾਉਣ ਲਈ ਅਨੀਕੇਤ ’ਤੇ ਭਰੋਸਾ ਕੀਤਾ ਅਤੇ ਆਸਟ੍ਰੇਲੀਆ ਵਾਪਸ ਚਲੀ ਗਈ। ਹਾਲਾਂਕਿ ਆਸਟ੍ਰੇਲੀਆ ਪਹੁੰਚਦੇ ਹੀ ਅਨੀਕੇਤ ਨੇ ਉਸ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਤਰ੍ਹਾਂ ਭਾਰਤ ਪਰਤਣ ਤੋਂ ਬਾਅਦ ਲੜਕੀ ਨੇ ਅਯੁੱਧਿਆ ਪੁਲਸ ਨੂੰ ਆਪਣੀ ਘਟਨਾ ਦੱਸੀ, ਜਿਸ ਤੋਂ ਬਾਅਦ ਅਨੀਕੇਤ ਦੇ ਖਿਲਾਫ ਹਮਲਾ, ਦਾਜ ਤਸ਼ੱਦਦ ਅਤੇ 420 ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।