ਮੈਲਬਰਨ : ਅੱਜ ਸਵੇਰੇ ਵਿਕਟੋਰੀਆ ’ਚ ਆਏ ਤੂਫਾਨ ਦੌਰਾਨ ਮੈਲਬਰਨ ਦੇ Taylors Lakes ’ਚ ਸਥਿਤ ਇਕ ਘਰ ’ਤੇ ਬਿਜਲੀ ਡਿੱਗਣ ਕਾਰਨ ਇਸ ਨੂੰ ਅੱਗ ਲੱਗ ਗਈ। ਘਰ ’ਚ ਰਹਿ ਰਹੇ ਵਿਆਹੁਤਾ ਜੋੜੇ ਨੇ ਦਸਿਆ ਕਿ ਬਹੁਤ ਤੇਜ਼ ਧਮਾਕੇ ਨਾਲ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ। ਘਰ ਦੀ ਛੱਤ ਨੂੰ ਅੱਗ ਲਗ ਗਈ ਅਤੇ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਆਪਣੇ ਕੁੱਤੇ ਸਮੇਤ ਭੱਜ ਕੇ ਜਾਨ ਬਚਾਈ, ਪਰ ਘਰ ਨੂੰ ਭਾਰੀ ਨੁਕਸਾਨ ਪਹੁੰਚਿਆ।
ਤੂਫਾਨ ਨੇ ਦਰੱਖਤ ਢਾਹ ਦਿੱਤੇ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ, SES ਨੂੰ ਇੱਕ ਘੰਟੇ ਵਿੱਚ 200 ਕਾਲਾਂ ਆਈਆਂ। Geelong ਸਭ ਤੋਂ ਜ਼ਿਆਦਾ ਪ੍ਰਭਾਵਤ ਰਿਹਾ। ਕਲ ਦਿਨ ਸਮੇਂ ਮੈਲਬਰਨ ’ਚ ਸਖ਼ਤ ਗਰਮੀ ਸੀ ਅਤੇ ਤਾਪਮਾਨ 39 ਡਿਗਰੀ ਤਕ ਪਹੁੰਚ ਗਿਆ ਸੀ। ਅੱਜ ਵੀ ਗਰਮੀ ਜਾਰੀ ਰਹਿਣ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਨਾਲ ਤਾਪਮਾਨ ਅੱਜ ਫਿਰ 39 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ। ਹੋਰ ਤੂਫਾਨ ਆਉਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਸੁੱਕੀ ਬਿਜਲੀ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਹੈ ਅਤੇ ਮੌਜੂਦਾ ਅੱਗ ਨਾਲ ਲੜ ਰਹੇ ਫਾਇਰ ਫਾਈਟਰਾਂ ਲਈ ਚਿੰਤਾਵਾਂ ਪੈਦਾ ਹੋ ਸਕਦੀਆਂ ਹਨ।