ਮੈਲਬਰਨ : ਆਸਟ੍ਰੇਲੀਆ ’ਚ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਚਾਈਂ-ਚਾਈਂ ਕਈ ਮਾਪੇ ਆਪਣੇ ਬੱਚਿਆਂ ਦੀਆਂ ‘ਬੈਕ-ਟੂ-ਸਕੂਲ’ ਤਸਵੀਰਾਂ ਕਈ ਸੋਸ਼ਲ ਮੀਡੀਆ ਮੰਚਾਂ ’ਤੇ ਸਾਂਝੀਆਂ ਕਰ ਦਿੰਦੇ ਹਨ। ਪਰ ਅਥਾਰਟੀਆਂ ਨੇ ਆਸਟ੍ਰੇਲੀਆ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਲ ਸ਼ੋਸ਼ਣ ਸਮੱਗਰੀ ਅਤੇ ਗਰੂਮਿੰਗ ਦੇ ਖਤਰੇ ਦੇ ਮੱਦੇਨਜ਼ਰ ਤਸਵੀਰਾਂ ਆਨਲਾਈਨ ਸ਼ੇਅਰ ਕਰਦੇ ਸਮੇਂ ਸਾਵਧਾਨ ਰਹਿਣ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫੋਟੋਆਂ ਵਿਚਲੇ ਛੋਟੇ-ਛੋਟੇ ਵੇਰਵੇ, ਜਿਵੇਂ ਕਿ ਸਕੂਲ ਦੇ ਲੋਗੋ ਜਾਂ ਸੜਕ ਦੇ ਪਤੇ, ਅਪਰਾਧੀਆਂ ਵੱਲੋ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਲਈ ਵਰਤੇ ਜਾ ਸਕਦੇ ਹਨ। ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੰਵੇਦਨਸ਼ੀਲ ਜਾਣਕਾਰੀ ਨੂੰ ਧੁੰਦਲਾ ਜਾਂ ਅਸਪਸ਼ਟ ਕਰਨ, ਪ੍ਰਾਈਵੇਸੀ ਸੈਟਿੰਗਾਂ ਦੀ ਜਾਂਚ ਕਰਨ ਅਤੇ ਸਿਰਫ ਭਰੋਸੇਮੰਦ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਫੋਟੋਆਂ ਸਾਂਝੀਆਂ ਕਰਨ।
ਮਾਪਿਆਂ ਨੂੰ ਇਹ ਵੀ ਸੁਝਾਅ ਦਿੱਤਾ ਜਾਂਦਾ ਹੈ ਕਿ ਜੇਕਰ ਜੇ ਕੋਈ ਹੋਰ ਵਿਅਕਤੀ ਤੁਹਾਡੇ ਬੱਚੇ ਦੀਆਂ ਫੋਟੋਆਂ ਲੈ ਰਿਹਾ ਹੈ, ਤਾਂ ਉਨ੍ਹਾਂ ਨਾਲ ਇਸ ਬਾਰੇ ਗੱਲ ਕਰੋ ਕਿ ਫੋਟੋਆਂ ਦੀ ਵਰਤੋਂ ਕਿਵੇਂ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਕਿਵੇਂ ਸਾਂਝਾ ਕੀਤਾ ਜਾਵੇਗਾ। ਇਹ ਯਕੀਨੀ ਕਰੋ ਕਿ ਤਸਵੀਰ ’ਚ ਕਿਤੇ ਤੁਹਾਡਾ ਪਤਾ ਜਾਂ ਸਥਾਨ ਤਾਂ ਨਹੀਂ ਦਿਸ ਰਿਹਾ। ਆਪਣੇ ਬੱਚੇ ਦਾ ਪੂਰਾ ਨਾਮ ਅਤੇ ਉਮਰ ਜਨਤਕ ਤੌਰ ’ਤੇ ਸਾਂਝਾ ਨਾ ਕਰੋ। ਸਕੂਲ ਦੀ ਵਰਦੀ ਵਿੱਚ ਫੋਟੋਆਂ ਪੋਸਟ ਕਰਨ ਤੋਂ ਪਰਹੇਜ਼ ਕਰੋ।