ਮੈਲਬਰਨ : 26 ਜਨਵਰੀ ਨੂੰ ਆਸਟ੍ਰੇਲੀਆ ਡੇਅ ਦੇ ਜਸ਼ਨਾਂ ਦੇ ਹਿੱਸੇ ਵੱਜੋਂ ਦੇਸ਼ ਭਰ ਵਿੱਚ ਨਾਗਰਿਕਤਾ ਸਮਾਰੋਹਾਂ ਵਿੱਚ ਲਗਭਗ 15,000 ਨਵੇਂ ਆਸਟ੍ਰੇਲੀਆਈ ਨਾਗਰਿਕਾਂ ਨੂੰ ਮਾਨਤਾ ਦਿੱਤੀ ਗਈ। NSW ਵਿੱਚ ਹੋਏ 83 ਸਮਾਰੋਹਾਂ ਵਿੱਚ 4100 ਲੋਕਾਂ ਨੇ ਨਾਗਰਿਕ ਵਜੋਂ ਸਹੁੰ ਚੁੱਕੀ। ਮੈਲਬਰਨ ਦੇ ਟਾਊਨ ਹਾਲ ’ਚ 38 ਵੱਖ-ਵੱਖ ਪਿਛੋਕੜਾਂ ਦੇ ਕਰੀਬ 150 ਲੋਕਾਂ ਨੇ ਮਾਣ ਨਾਲ ਆਪਣੇ ਨਾਗਰਿਕਤਾ ਸਰਟੀਫਿਕੇਟ ਦਿਖਾਏ।
ਪ੍ਰਧਾਨ ਮੰਤਰੀ Anthony Albanese ਨੇ ਕੈਨਬਰਾ ਵਿੱਚ ਰਾਸ਼ਟਰੀ ਆਸਟ੍ਰੇਲੀਆ ਦਿਵਸ ਸਮਾਰੋਹ ਵਿੱਚ ਦਰਜਨਾਂ ਨਵੇਂ ਨਾਗਰਿਕਾਂ ਦਾ ਸਵਾਗਤ ਕਰਦਿਆਂ ਦੇਸ਼ ਭਰ ਵਿੱਚ ਏਕਤਾ ਦੀ ਸ਼ਲਾਘਾ ਕੀਤੀ। Albanese ਨੇ ਦੇਸ਼ ਭਰ ਵਿੱਚ ਆਯੋਜਿਤ ਹੋਣ ਵਾਲੇ 280 ਤੋਂ ਵੱਧ ਆਸਟਰੇਲੀਆ ਦਿਵਸ ਨਾਗਰਿਕਤਾ ਸਮਾਰੋਹਾਂ ਵਿੱਚੋਂ ਇੱਕ ਦੀ ਸ਼ੁਰੂਆਤ ਕੀਤੀ। ਆਪਣੇ ਸੰਬੋਧਨ ਵਿਚ ਏਕਤਾ ਨੂੰ ਉਤਸ਼ਾਹਤ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ Peter Dutton ਦੀ ਕੈਨਬਰਾ ਪ੍ਰੋਗਰਾਮ ਵਿਚ ਗੈਰਹਾਜ਼ਰੀ ਬਾਰੇ ਪੁੱਛੇ ਜਾਣ ’ਤੇ ਅਲਬਾਨੀਜ਼ ਨੇ ਕਿਹਾ ਕਿ ਸਮਾਰੋਹ ਦੋ-ਪੱਖੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਜੇ ਤੁਸੀਂ ਰਾਸ਼ਟਰੀ ਨੇਤਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਰਾਸ਼ਟਰੀ ਸਮਾਗਮਾਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ?’’ Dutton ਨੇ ਆਪਣੇ ਕੁਈਨਜ਼ਲੈਂਡ ਦੇ ਡਿਕਸਨ ਵੋਟਰਾਂ ਵਿੱਚ ਆਸਟੇਲੀਆ ਦਿਵਸ ਮਨਾਇਆ।