ਮੈਲਬਰਨ : ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਦੋ ਸਾਲਾਂ ਵਿੱਚ ਦੁਵੱਲਾ ਵਪਾਰ ਦੁੱਗਣਾ ਹੋ ਗਿਆ ਹੈ ਅਤੇ ਇਸ ਪ੍ਰਗਤੀ ਨੂੰ ਹੋਰ ਵਧਾਉਣ ਲਈ ਦੋਵੇਂ ਧਿਰਾਂ ਸਹਿਯੋਗ ਨੂੰ ਹੋਰ ਵਧਾਉਣ ਲਈ ਇੱਕ ਵਿਆਪਕ ਸਮਝੌਤੇ ’ਤੇ ਚਰਚਾ ਕਰ ਰਹੀਆਂ ਹਨ।
ਭਾਰਤ-ਆਸਟ੍ਰੇਲੀਆ ਏਕਤਾ ਦੇ ਫਾਇਦਿਆਂ ਨੂੰ ਉਜਾਗਰ ਕਰਦੇ ਹੋਏ ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ 2020-21 ਵਿਚ 12.2 ਅਰਬ ਡਾਲਰ ਤੋਂ ਵਧ ਕੇ 2022-23 ਵਿਚ 26 ਅਰਬ ਡਾਲਰ ਹੋ ਗਿਆ ਹੈ। ਭਾਰਤ-ਆਸਟ੍ਰੇਲੀਆ ਏਕਤਾ ਦੇ ਤਹਿਤ ਦੁਵੱਲੇ ਵਪਾਰ ਨੂੰ 2030 ਤੱਕ 100 ਅਰਬ ਆਸਟ੍ਰੇਲੀਆਈ ਡਾਲਰ ਤੱਕ ਪਹੁੰਚਣਾ ਦਾ ਟੀਚਾ ਹੈ।
ਇਸ ਤਰ੍ਹਾਂ ਨਵੰਬਰ 2024 ਵਿੱਚ ਆਸਟ੍ਰੇਲੀਆ ਨੂੰ ਭਾਰਤ ਦਾ ਨਿਰਯਾਤ 64.37 ਕਰੋੜ ਡਾਲਰ ਤੱਕ ਪਹੁੰਚ ਗਿਆ, ਜੋ ਕਿ 64.4٪ ਦਾ ਸ਼ਾਨਦਾਰ ਵਾਧਾ ਹੈ। ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਹ ਵਾਧਾ ਮੁੱਖ ਤੌਰ ’ਤੇ ਟੈਕਸਟਾਈਲ, ਰਸਾਇਣ ਅਤੇ ਖੇਤੀਬਾੜੀ ਉਤਪਾਦਾਂ ਵਰਗੇ ਖੇਤਰਾਂ ’ਚ ਮਜ਼ਬੂਤ ਪ੍ਰਦਰਸ਼ਨ ਕਾਰਨ ਹੋਇਆ ਹੈ।
ਹਾਲਾਂਕਿ ਵਿੱਤੀ ਸਾਲ 2024-25 ਦੀ ਅਪ੍ਰੈਲ-ਨਵੰਬਰ ਦੀ ਮਿਆਦ ’ਚ ਆਸਟ੍ਰੇਲੀਆ ਨੂੰ ਮਾਲ ਦਾ ਕੁੱਲ ਨਿਰਯਾਤ 5.21 ਫੀਸਦੀ ਘੱਟ ਕੇ 5.56 ਅਰਬ ਡਾਲਰ ਰਹਿ ਗਿਆ। ਇਹ ਅੰਕੜੇ ਸਾਲਾਨਾ ਆਧਾਰ ’ਤੇ ਕਮੀ ਦਰਸਾਉਂਦੇ ਹਨ, ਪਰ ਨਵੰਬਰ ਦੇ ਮਹੀਨੇ ਵਿੱਚ ਤੇਜ਼ ਵਾਧਾ ਕਾਰੋਬਾਰ ਦੀਆਂ ਸੰਭਾਵਨਾਵਾਂ ਵਿੱਚ ਉਤਸ਼ਾਹ ਨੂੰ ਦਰਸਾਉਂਦਾ ਹੈ।