ਇਜ਼ਰਾਈਲੀ PM ਨੇ ਮੈਲਬਰਨ ’ਚ ਯਹੂਦੀ ਧਾਰਮਕ ਅਸਥਾਨ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ, ਆਸਟ੍ਰੇਲੀਆ ਸਰਕਾਰ ਦੀ ਨੀਤੀ ਨੂੰ ਠਹਿਰਾਇਆ ਜ਼ਿੰਮੇਵਾਰ

ਮੈਲਬਰਨ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ’ਤੇ ਇਜ਼ਰਾਈਲ ਦੇ ਕਬਜ਼ੇ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਮਤੇ ਲਈ ਆਸਟ੍ਰੇਲੀਆਈ ਸਰਕਾਰ ਦੇ ਸਮਰਥਨ ਦੀ ਨਿੰਦਾ ਕੀਤੀ ਹੈ। ਇਸ ਮਤੇ ਨੂੰ ਹੀ ਉਨ੍ਹਾਂ ਨੇ ਮੈਲਬਰਨ ’ਚ ਇੱਕ ਯਹੂਦੀ ਧਾਰਮਕ ਸਥਾਨ ਸਿਨਾਗੋਗ ਦੀ ਅੱਗਜ਼ਨੀ ਲਈ ਜ਼ਿੰਮੇਵਾਰ ਦਸਿਆ ਹੈ। ਨੇਤਨਯਾਹੂ ਨੇ ਕਿਹਾ ਕਿ ਇਸ ਹਮਲੇ ਲਈ ਆਸਟ੍ਰੇਲੀਆਈ ਸਰਕਾਰ ਦਾ ਇਜ਼ਰਾਈਲ ਵਿਰੋਧੀ ਰੁਖ ਜ਼ਿੰਮੇਵਾਰ ਹੈ, ਜਿਸ ਨੂੰ ਉਨ੍ਹਾਂ ਨੇ ‘ਯਹੂਦੀ ਵਿਰੋਧੀ ਕਾਰਵਾਈ’ ਕਰਾਰ ਦਿੱਤਾ।

ਜ਼ਿਕਰਯੋਗ ਹੈ ਕਿ ਮੈਲਬਰਨ ਦੇ ਸਾਊਥ-ਈਸਟ ਵਿਚ ਅਦਾਸ ਇਜ਼ਰਾਈਲ ਸਿਨਾਗੋਗ ’ਤੇ ਹੋਏ ਹਮਲੇ ਦੇ ਨਤੀਜੇ ਵਜੋਂ ਇਸ ਦੀਆਂ ਤਿੰਨ ਇਮਾਰਤਾਂ ਵਿਚੋਂ ਦੋ ਸੜ ਗਈਆਂ ਸਨ। ਉਸ ਸਮੇਂ ਇਮਾਰਤ ਅੰਦਰ ਦੋ ਲੋਕ ਸਨ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਅੱਤਵਾਦ ਦੇ ਮਕਸਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਸਮੇਤ ਆਸਟ੍ਰੇਲੀਆਈ ਨੇਤਾਵਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਅਲਬਾਨੀਜ਼ ਨੇ ਕਿਹਾ ਹੈ ਕਿ ਉਹ ਯਹੂਦੀ ਵਿਰੋਧੀ ਭਾਵਨਾ ਨੂੰ ਬਰਦਾਸ਼ਤ ਨਹੀਂ ਕਰਦੇ।