ਮੈਲਬਰਨ : ਪਿਛਲੇ ਸਾਲ ਭਾਰਤ ਦੇ ਸੂਬੇ ਉੱਤਰਾਖੰਡ ਦੀ ਇੱਕ ਉਸਾਰੀ ਅਧੀਨ ਸੁਰੰਗ ’ਚ ਫਸੇ ਦਰਜਨਾਂ ਮਜ਼ਦੂਰਾਂ ਨੂੰ ਕਈ ਦਿਨਾਂ ਦੀ ਜੱਦੋਜਹਿਦ ਤੋਂ ਬਾਅਦ ਸੁਰੱਖਿਅਤ ਬਚਾਉਣ ਦੀ ਮੁਹਿੰਮ ਦੇ ਹੀਰੋ ਰਹੇ ਆਸਟ੍ਰੇਲੀਆ Prof. Arnold Dix ਇੱਕ ਵਾਰੀ ਫਿਰ ਭਾਰਤ ’ਚ ਹਨ। ਹੁਣ ਇਸ ਪ੍ਰਸਿੱਧ ਅੰਤਰਰਾਸ਼ਟਰੀ ਸ਼ਖਸੀਅਤ ਨੇ ਆਪਣੀ ਵਚਨਬੱਧਤਾ ਅਤੇ ਦਿਆਲਤਾ ਦਾ ਦਿਲ ਖਿੱਚਣ ਵਾਲਾ ਪ੍ਰਦਰਸ਼ਨ ਕਰਦੇ ਹੋਏ ਇਕ ਭਾਰਤੀ ਬੱਚੀ ਨਾਲ ਕੀਤਾ ਵਾਅਦਾ ਪੂਰਾ ਕਰਨ ਲਈ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕੀਤੀ ਹੈ।
ਦਰਅਸਲ ਪੋਂਡੀਚੇਰੀ ਦੇ ਆਦਿੱਤਿਆ ਵਿਦਿਆਸ਼ਰਮ ਸਕੂਲ ਦੀ ਇੱਕ ਪ੍ਰਾਇਮਰੀ ਜਮਾਤ ਦੀ ਵਿਦਿਆਰਥਣ ਨੇ Prof. Dix ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਜਦੋਂ ਉਹ ਇੱਕ ਫ਼ੈਂਸੀ ਡਰੈੱਸ ਕੰਪੀਟੀਸ਼ਨ ’ਚ Prof. Dix ਵਰਗਾ ਹੁਲੀਆ ਬਣਾ ਕੇ ਮੰਚ ’ਤੇ ਆਈ ਸੀ। Prof. Dix ਨੇ ਆਨਲਾਈਨ ਇਸ ਬੱਚੀ ਦੀ ਤਸਵੀਰ ਵੇਖੀ ਸੀ ਜਿਸ ਤੋਂ ਬਾਅਦ ਉਹ ਬੱਚੀ ਦੀ ਭਾਲ ’ਚ ਜੁਟ ਗਏ। ਆਖ਼ਰ ਕਾਫ਼ੀ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਲੱਭ ਕੇ ਉਸ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਇੱਕ ਵਾਅਦਾ ਕੀਤਾ ਕਿ ਅਗਲੀ ਵਾਰ ਜਦੋਂ ਉਹ ਭਾਰਤ ਆਉਣਗੇ ਤਾਂ ਉਸ ਦੇ ਸਕੂਲ ਦਾ ਦੌਰਾ ਕਰਨਗੇ।
ਇਹ ਵੀ ਪੜ੍ਹੋ : ਜਾਣੋ, ਇੰਡੀਆ ਦੇ 41 ਵਰਕਰਾਂ ਨੂੰ ਬਚਾਉਣ ਵਾਲਾ ਕੌਣ ਹੈ ਮੈਲਬਰਨ ਦਾ ‘ਸੁਰੰਗ ਮਾਹਿਰ’! ਪੜ੍ਹੋ ਰਿਪੋਰਟ! (Professor Dix) – Sea7 Australia
ਆਪਣੇ ਵਾਅਦੇ ’ਤੇ ਖਰਾ ਉਤਰਦੇ ਹੋਏ, Prof. Dix ਪਿਛਲੇ ਦਿਨੀਂ ਭਾਰਤ ਵਾਪਸ ਆਏ ਅਤੇ ਇਸ ਬੱਚੀ ਦੇ ਸਕੂਲ ਅਤੇ ਘਰ ਦਾ ਦੌਰਾ ਕੀਤਾ, ਜਿੱਥੇ ਉਸ ਦੇ ਪਿਤਾ ਮਾਨੋ ਸੁੰਦਰ ਸਮੇਤ ਵਿਦਿਆਰਥਣ ਦੇ ਪਰਿਵਾਰ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਨੌਜਵਾਨ ਮਨਾਂ ਨੂੰ ਪ੍ਰੇਰਿਤ ਕਰਨ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ Prof. Dix ਨੇ ਸੋਸ਼ਲ ਮੀਡੀਆ ’ਤੇ ਇੱਕ ਅਹਿਮ ਸੰਦੇਸ਼ ਦੇਣ ਵਾਲੀ ਪੋਸਟ ’ਚ ਨੋਟ ਕੀਤਾ, ‘‘ਬੱਚੇ ਧਿਆਨ ਦਿੰਦੇ ਹਨ ਕਿ ਅਸੀਂ ਬਾਲਗ ਹੋਣ ਦੇ ਨਾਤੇ ਕੀ ਕਰਦੇ ਹਾਂ। ਸਾਡੇ ਚੰਗੇ ਕੰਮ ਉਨ੍ਹਾਂ ਨੂੰ ਵੀ ਸੇਧ ਦੇ ਸਕਦੇ ਹਨ ਅਤੇ ਉਨ੍ਹਾਂ ਨੂੰ ਇੱਕ ਬਿਹਤਰ ਸੰਸਾਰ ਲਈ ਖੁਸ਼ੀ ਅਤੇ ਉਮੀਦ ਦੇ ਸਕਦੇ ਹਨ। ਸਾਡੀਆਂ ਕਾਰਵਾਈਆਂ ਬੱਚਿਆਂ ਨੂੰ ਸਿਖਾਉਂਦੀਆਂ ਹਨ – ਆਓ ਮਿਲ ਕੇ ਉਨ੍ਹਾਂ ਨੂੰ ਪ੍ਰੇਰਿਤ ਕਰੀਏ। ਬਹੁਤ ਸਾਰੇ ਲੋਕ – ਇੱਕ ਸੰਸਾਰ।’’