ਪਤਨੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਸਿਡਨੀ ਦਾ ਕਾਰੋਬਾਰੀ ਗ੍ਰਿਫ਼ਤਾਰ

ਮੈਲਬਰਨ : ਸਿਡਨੀ ਦੇ 61 ਸਾਲ ਦੇ ਅਰਧ-ਰਿਟਾਇਰਡ ਕਾਰੋਬਾਰੀ Stephan Wagner ’ਤੇ ਆਪਣੀ ਪਤਨੀ Glenda Wagner ਦੀ ਚਾਹ ’ਚ ਜ਼ਹਿਰ ਮਿਲਾ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਕਥਿਤ ਜ਼ਹਿਰ ਜਨਵਰੀ 2022 ਅਤੇ ਸਤੰਬਰ 2024 ਦੇ ਵਿਚਕਾਰ ਦਿੱਤਾ ਗਿਆ। ਪੁਲਿਸ ਨੂੰ ਉਨ੍ਹਾਂ ਦੇ St Andrews ਸਥਿਤ ਘਰ ਦੀ ਤਲਾਸ਼ੀ ਦੌਰਾਨ ਕੀੜੀਆਂ ਮਾਰਨ ਵਾਲੇ ਜ਼ਹਿਰ Ant-Rid ਦੀ ਬੋਤਲ ਮਿਲੀ, ਜਿਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ।

Glenda (66) ਆਪਣੇ ਪਤੀ ਵੱਲੋਂ ਤਿਆਰ ਕੀਤੀ ਜ਼ਹਿਰੀਲੀ ਚਾਹ ਪੀਣ ਤੋਂ ਬਾਅਦ ਗੰਭੀਰ ਰੂਪ ਨਾਲ ਬਿਮਾਰ ਹੋ ਗਈ ਸੀ। Stephan ’ਤੇ ਆਪਣੀ ਪਤਨੀ ਦੀ ਹੱਤਿਆ ਦੀ ਕੋਸ਼ਿਸ਼, ਉਸ ਦੀ ਜਾਨ ਨੂੰ ਖਤਰੇ ’ਚ ਪਾਉਣ ਅਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਸਮੇਤ ਘਰੇਲੂ ਹਿੰਸਾ ਨਾਲ ਜੁੜੇ ਤਿੰਨ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ।

ਵੀਡੀਓ ਲਿੰਕ ਰਾਹੀਂ ਅਦਾਲਤ ‘ਚ ਪੇਸ਼ੀ ਦੌਰਾਨ ਸਟੀਫਨ ਦੇ ਵਕੀਲ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ। ਨਤੀਜੇ ਵਜੋਂ, ਸਟੀਫਨ 4 ਦਸੰਬਰ ਨੂੰ ਆਪਣੀ ਅਗਲੀ ਅਦਾਲਤ ਵਿੱਚ ਪੇਸ਼ੀ ਤੱਕ ਹਿਰਾਸਤ ਵਿੱਚ ਰਹੇਗਾ। Glenda ਦੀ ਸੁਰੱਖਿਆ ਲਈ ਸਟੀਫਨ ਨੂੰ ਆਪਣੇ ਘਰ ਅਤੇ ਕੰਮ ਵਾਲੀ ਥਾਂ ਤੋਂ ਘੱਟੋ-ਘੱਟ ਇਕ ਕਿਲੋਮੀਟਰ ਦੂਰ ਰਹਿਣ ਦੀ ਲੋੜ ਹੈ।