ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਸੰਸਦ ਵਿਚ ਆਪਣੀ ਉਸ ਟਿੱਪਣੀ ਲਈ ਮੁਆਫੀ ਮੰਗੀ ਹੈ, ਜਿਸ ਨੂੰ ਉਨ੍ਹਾਂ ਦੇ ਵਿਰੋਧੀਆਂ ਨੇ ‘ਪੂਰੀ ਤਰ੍ਹਾਂ ਘਿਨਾਉਣਾ’ ਕਰਾਰ ਦਿੱਤਾ।
ਦਰਅਸਲ ਪ੍ਰਸ਼ਨ ਕਾਲ ਦੌਰਾਨ, Albanese ਨੇ ਸ਼ੈਡੋ ਟਰੈਜ਼ਰਰ Angus Taylor ਵੱਲੋਂ ਟੋਕਾ-ਟਾਕੀ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੂੰ ਕਹਿ ਦਿੱਦਾ ਸੀ, ‘‘ਕੀ ਤੁਹਾਨੂੰ Tourette’s Syndrome ਦੀ ਬਿਮਾਰੀ ਹੈ?’’ ਪ੍ਰਧਾਨ ਮੰਤਰੀ ਵੱਲੋਂ ਇਸ ਟਿੱਪਣੀ ’ਤੇ ਸਖ਼ਤ ਪ੍ਰਤੀਕਿਰਿਆ ਆਈ ਸੀ।
ਹਾਲਾਂਕਿ Albanese ਨੇ ਤੁਰੰਤ ਆਪਣੀ ਟਿੱਪਣੀ ਵਾਪਸ ਲੈ ਲਈ ਅਤੇ ਮੁਆਫੀ ਮੰਗ ਲਈ, ਪਰ ਬਾਅਦ ਵਿੱਚ ਉਨ੍ਹਾਂ Tourette’s Syndrome ਵਾਲੇ ਆਸਟ੍ਰੇਲੀਆਈ ਲੋਕਾਂ ਤੋਂ ਮੁਆਫੀ ਮੰਗਣ ਲਈ ਵੀ ਪ੍ਰਤੀਨਿਧੀ ਸਭਾ ਨੂੰ ਸੰਬੋਧਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੀ।
ਵਿਰੋਧੀ ਧਿਰ ਦੀ ਸਿਹਤ ਬੁਲਾਰਾ Anne Ruston ਅਤੇ ਗ੍ਰੀਨਜ਼ ਦੇ ਸੈਨੇਟਰ Jordan Steele-John ਨੇ ਅਲਬਾਨੀਜ਼ ਦੀ ਟਿੱਪਣੀ ਦੀ ਨਿੰਦਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਅਪੰਗਤਾ ਦਾ ਮਜ਼ਾਕ ਉਡਾਉਣਾ ਅਸਵੀਕਾਰਯੋਗ ਹੈ ਅਤੇ ਅਪਾਹਜ ਲੋਕ ਸਨਮਾਨ ਦੇ ਹੱਕਦਾਰ ਹਨ, ਮਜ਼ਾਕ ਦੇ ਨਹੀਂ।
ਕੀ ਹੁੰਦੈ Tourette’s Syndrome?
Tourette’s Syndrome ਇੱਕ ਦਿਮਾਗੀ ਬਿਮਾਰੀ ਹੈ ਜਿਸ ਤੋਂ ਪੀੜਤ ਵਿਅਕਤੀ ਦਾ ਆਪਣੇ ਸਰੀਰ ਜਾਂ ਬੋਲਣ ’ਤੇ ਕਾਬੂ ਨਹੀਂ ਹੁੰਦਾ ਹੈ ਅਤੇ ਉਹ ਮੂੰਹ ’ਚੋਂ ਗੈਰ-ਇੱਛੁਕ ਆਵਾਜ਼ਾਂ ਅਤੇ ਵਾਰ-ਵਾਰ ਕੁੱਝ ਸ਼ਬਦ ਦੁਹਰਾਉਂਦਾ ਰਹਿੰਦਾ ਹੈ। ਇਹ ਰੋਗ ਖਾਸ ਕਰਕੇ ਬੱਚਿਆਂ ਅਤੇ ਜਵਾਨ ਬਾਲਗਾਂ ਨੂੰ ਪ੍ਰਭਾਵਿਤ ਕਰਦਾ ਹੈ, ਅਤੇ ਅਕਸਰ ਨੀਂਦ ਦੀਆਂ ਸਮੱਸਿਆਵਾਂ, ਮਾੜੀ ਅਕਾਦਮਿਕ ਕਾਰਗੁਜ਼ਾਰੀ, ਅਤੇ ਘੱਟ ਸਵੈ-ਮਾਣ ਨਾਲ ਜੁੜਿਆ ਹੁੰਦਾ ਹੈ।