ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਇਕ ਕੌਂਸਲ ਨੂੰ ਆਪਣੇ ਉਸ ਐਲਾਨ ਦਾ ਸਖ਼ਤ ਵਿਰੋਧ ਸਹਿਣ ਕਰਨਾ ਪੈ ਰਿਹਾ ਹੈ ਜਿਸ ’ਚ ਉਸ ਨੇ ਕਿਹਾ ਸੀ ਕਿ ਸੜਕ ’ਤੇ ਕੂੜੇਦਾਨ ਨੂੰ ਕੂੜਾ ਚੁੱਕਣ ਵਾਲੀ ਗੱਡੀ ਦੇ ਆਉਣ ਦੇ ਸਮੇਂ ਤੋਂ ਬਹੁਤ ਪਹਿਲਾਂ ਹੀ ਰੱਖਣ ਲਈ ਲੋਕਾਂ ਨੂੰ 312 ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ। ਹਾਲਾਂਕਿ ਕੌਂਸਲ ਨੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ ਹੈ।
Port Adelaide Enfield ਦੀ ਕੌਂਸਲ ਦੇ ਉਪ-ਨਿਯਮਾਂ ਅਨੁਸਾਰ ਕੂੜੇ ਦੇ ਡੱਬਿਆਂ ਨੂੰ ਸ਼ਾਮ 4 ਵਜੇ ਤੋਂ ਬਾਅਦ ਬਾਹਰ ਰੱਖਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਅੱਧੀ ਰਾਤ ਤੱਕ ਚੁੱਕ ਲਿਆ ਜਾਵੇਗਾ। ਕੌਂਸਲ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ’ਚ ਕੌਂਸਲ ਨੇ ਕਈ ਵਾਰ ਚੇਤਾਵਨੀ ਦੇਣ ਤੋਂ ਬਾਅਦ ਵੀ ਕੂੜੇ ਦੇ ਡੱਬੇ ਸਮੇਂ ਤੋਂ ਪਹਿਲਾਂ ਨਾ ਹਟਾਉਣ ’ਤੇ ਸਿਰਫ ਚਾਰ ਜੁਰਮਾਨੇ ਜਾਰੀ ਕੀਤੇ ਹਨ। ਬੁਲਾਰੇ ਨੇ ਕਿਹਾ ਕਿ ਕੌਂਸਲ ਨੂੰ ਸੜਕਾਂ ’ਤੇ ਡੱਬਿਆਂ ਦੇ ਸਬੰਧ ਵਿੱਚ ਸਾਲਾਨਾ 200 ਤੋਂ ਵੱਧ ਸ਼ਿਕਾਇਤਾਂ ਮਿਲਦੀਆਂ ਹਨ। ਕੌਂਸਲ ਦੇ ਬੁਲਾਰੇ ਨੇ ਕਿਹਾ ਕਿ ਫੁੱਟਪਾਥ ’ਤੇ ਛੱਡੇ ਗਏ ਕੂੜੇ ਦੇ ਡੱਬੇ ਪੈਦਲ ਚੱਲਣ, ਪ੍ਰਾਮ ਨੂੰ ਧੱਕਣ ਅਤੇ ਵ੍ਹੀਲਚੇਅਰ ’ਤੇ ਬੈਠੇ ਲੋਕਾਂ ਦੇ ਰਸਤੇ ਨੂੰ ਰੋਕ ਸਕਦੇ ਹਨ। ਉਹ ਸੜਕਾਂ ’ਤੇ ਗੱਡੀਆਂ ਅਤੇ ਐਮਰਜੈਂਸੀ ਪਹੁੰਚ ਨੂੰ ਵੀ ਪ੍ਰਭਾਵਤ ਕਰ ਸਕਦੇ ਹਨ।