ਧੀਰੇਨ ਸਿੰਘ ਰੰਧਾਵਾ ਕੇਸ ਦੇ ਨਵੇਂ ਵੇਰਵੇ ਸਾਹਮਣੇ ਆਏ, ਅਦਾਲਤ ’ਚ ਪੁਲਿਸ ਕਮਿਸ਼ਨਰ ਅਤੇ ਉਸ ਦੇ ਪਰਿਵਾਰ ਦਾ ਸਾਹਮਣਾ ਕੀਤਾ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਅਤੇ ਉਨ੍ਹਾਂ ਦੇ ਪਰਿਵਾਰ ਨੇ ਅਦਾਲਤ ’ਚ ਉਸ ਡਰਾਈਵਰ ਦਾ ਸਾਹਮਣਾ ਕੀਤਾ ਹੈ, ਜਿਸ ਨੇ ਹਿੱਟ ਐਂਡ ਰਨ ਹਾਦਸੇ ’ਚ ਉਨ੍ਹਾਂ ਦੇ ਸਭ ਤੋਂ ਛੋਟੇ ਬੇਟੇ ਦੀ ਹੱਤਿਆ ਕਰ ਦਿੱਤੀ ਸੀ। ਸਟੀਵਨਜ਼ ਅਤੇ ਉਸ ਦੀ ਪਤਨੀ ਐਮਾ ਨਾਲ ਪਰਿਵਾਰ ਦੇ ਹੋਰ ਜੀਅ ਅਤੇ ਦੋਸਤਾਂ ਵੀ ਸਨ ਜਦੋਂ ਉਨ੍ਹਾਂ ਨੇ ਧੀਰੇਨ ਸਿੰਘ ਰੰਧਾਵਾ ਨੂੰ ਕਿਹਾ ਕਿ ਉਹ ਪਿਛਲੇ ਨਵੰਬਰ ਵਿੱਚ ਹੋਏ ਹਾਦਸੇ ਵਿੱਚ ਹੋਏ ਦਰਦ ਨੂੰ ਕਦੇ ਨਹੀਂ ਸਮਝ ਸਕੇਗਾ। ਚਾਰਲੀ ਦੀ ਭੈਣ ਸੋਫੀ ਨੇ ਡਰਾਈਵਰ ਨੂੰ ਦੱਸਿਆ ਕਿ ਉਹ ਉਸ ਨਾਲ ਨਫ਼ਰਤ ਕਰਦੀ ਹੈ।

ਨਵੇਂ ਵੇਰਵੇ ਸਾਹਮਣੇ ਆਏ

ਇਸ ਘਟਨਾ ਬਾਰੇ ਨਵੇਂ ਵੇਰਵੇ ਪਹਿਲੀ ਵਾਰ ਸੁਣੇ ਗਏ ਸਨ, ਜਿਸ ਵਿੱਚ ਇਹ ਵੀ ਸ਼ਾਮਲ ਸੀ ਕਿ ਰੰਧਾਵਾ ਤੇਜ਼ ਰਫਤਾਰ ਨਾਲ ਗੱਡੀ ਨਹੀਂ ਚਲਾ ਰਿਹਾ ਸੀ, ਪਰ ਉਹ ਚਾਰਲੀ ਅਤੇ ਉਸ ਦੇ ਦੋਸਤਾਂ ਵੱਲ ਗੱਡੀ ਵਧਾਉਂਦਾ ਰਿਹਾ। ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਤੋਂ ਬਚਣ ਲਈ ਪੁਲਿਸ ਨੂੰ ਵੀ ਦਖ਼ਲ ਦੇਣ ਦੀ ਲੋੜ ਪਈ ਸੀ। ਰੰਧਾਵਾ ਨੂੰ ਇਸ ਜੁਰਮ ਦੀ ਸਖ਼ਤ ਸਜ਼ਾ ਮਿਲ ਸਕਦੀ ਹੈ। ਉਸ ਨੂੰ ਮਲੇਸ਼ੀਆ ਵੀ ਡੀਪੋਰਟ ਕੀਤਾ ਜਾ ਸਕਦਾ ਹੈ।

ਜੂਨ ’ਚ ਰੰਧਾਵਾ (19) ਨੂੰ ਐਡੀਲੇਡ ਦੇ ਦੱਖਣ ’ਚ ਗੁਲਵਾ ਬੀਚ ’ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਹਾਦਸੇ ਵਾਲੀ ਥਾਂ ਤੋਂ ਭੱਜ ਜਾਣ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ। ਰੰਧਾਵਾ ਨੇ ਇਸ ਤੋਂ ਪਹਿਲਾਂ ਇਕ ਚਿੱਠੀ ਲਿਖ ਕੇ ਪਰਿਵਾਰ ਤੋਂ ਮੁਆਫੀ ਮੰਗੀ ਸੀ। ਅੱਜ, ਉਸ ਨੇ ਸਜ਼ਾ ਤੋਂ ਪਹਿਲਾਂ ਦੀ ਸੁਣਵਾਈ ਵਿੱਚ ਜਨਤਕ ਤੌਰ ’ਤੇ ਅਜਿਹਾ ਕੀਤਾ। ਰੰਧਾਵਾ ਨੇ ਸਟੀਵਨਜ਼ ਪਰਿਵਾਰ ਨੂੰ ਦੱਸਿਆ ਕਿ ਉਹ ਹਰ ਰੋਜ਼ ਉਨ੍ਹਾਂ ਬਾਰੇ ਸੋਚਦਾ ਹੈ ਅਤੇ ਚਾਰਲੀ ਦਾ ਲਾਈਫ ਸਪੋਰਟ ਬੰਦ ਹੋਣਾ ਸੁਣਨਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਪਲ ਸੀ।