ਘੱਟ ਆਮਦਨ ਵਾਲੇ ਗਾਹਕਾਂ ਤੋਂ ਨਾਜਾਇਜ਼ ਫ਼ੀਸ ਵਸੂਲਣ ਵਾਲੇ ਬੈਂਕਾਂ ਨੂੰ ਮਿਲਿਆ ਦੰਡ, ਦੋ ਮਿਲੀਅਨ ਲੋਕਾਂ ਨੂੰ ਕਰਨਾ ਪਵੇਗਾ ਰੀਫ਼ੰਡ

ਮੈਲਬਰਨ : ਆਸਟ੍ਰੇਲੀਆਈ ਸਕਿਓਰਿਟੀਜ਼ ਐਂਡ ਇਨਵੈਸਟਮੈਂਟਸ ਕਮਿਸ਼ਨ (ASIC) ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਕਾਮਨਵੈਲਥ ਬੈਂਕ, ਵੈਸਟਪੈਕ, ਬੈਂਡੀਗੋ ਐਂਡ ਐਡੀਲੇਡ ਬੈਂਕ ਅਤੇ ANZ ਨੇ ਸੈਂਟਰਲਿੰਕ ਭੁਗਤਾਨ ਕਰਨ ਵਾਲੇ ਗਾਹਕਾਂ ਸਮੇਤ ਘੱਟ ਆਮਦਨ ਵਾਲੇ ਦੋ ਮਿਲੀਅਨ ਦੇ ਲਗਭਗ ਗਾਹਕਾਂ ਨੂੰ ਉੱਚ ਫੀਸ ਵਾਲੇ ਖਾਤਿਆਂ ਵਿੱਚ ਰੱਖਿਆ ਸੀ, ਜਿਸ ਤੋਂ ਬਾਅਦ ਹੁਣ ਲੱਖਾਂ ਆਸਟ੍ਰੇਲੀਆਈ ਨਾਗਰਿਕਾਂ ਨੂੰ ਕੁੱਲ 28 ਮਿਲੀਅਨ ਡਾਲਰ ਦਾ ਰਿਫੰਡ ਮਿਲੇਗਾ।

ASIC ਨੇ ਪਾਇਆ ਕਿ ਬੈਂਕਾਂ ਨੇ ਜਾਣਬੁੱਝ ਕੇ ਘੱਟ ਫੀਸ ਵਾਲੇ ਖਾਤਿਆਂ ਵਿੱਚ ਆਸਾਨ ਤਬਦੀਲੀ ਦੀ ਪੇਸ਼ਕਸ਼ ਨਾ ਕਰ ਕੇ ਵਿੱਤੀ ਤਣਾਅ ਪੈਦਾ ਕੀਤਾ। ਨਤੀਜੇ ਵਜੋਂ, 200,000 ਤੋਂ ਵੱਧ ਗਾਹਕਾਂ ਨੂੰ ਘੱਟ ਫੀਸ ਵਾਲੇ ਖਾਤਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਨਾਲ ਸਾਲਾਨਾ ਅੰਦਾਜ਼ਨ 10.7 ਮਿਲੀਅਨ ਡਾਲਰ ਦੀ ਬਚਤ ਹੋਈ ਹੈ।

ਸੈਂਕੜੇ ਤੋਂ ਲੈ ਕੇ ਹਜ਼ਾਰਾਂ ਡਾਲਰ ਤੱਕ ਦੇ ਰਿਫੰਡ 18 ਮਹੀਨਿਆਂ ਵਿੱਚ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੇ ਜਾਣਗੇ। ਕੁਝ ਗਾਹਕਾਂ ਨੇ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਹੈਰਾਨੀ ਅਤੇ ਖੁਸ਼ੀ ਜ਼ਾਹਰ ਕਰਦਿਆਂ ਅਚਾਨਕ ਰਿਫੰਡ ਪ੍ਰਾਪਤ ਕਰਨ ਦੀ ਰਿਪੋਰਟ ਕੀਤੀ ਹੈ।