ਲੈਬਨਾਨ ’ਚ ਹਜ਼ਾਰਾਂ ਪੇਜਰ ਧਮਾਕੇ, 9 ਲੋਕਾਂ ਦੀ ਮੌਤ, ਜਾਣੋ ਕਈ ਮਹੀਨਿਆਂ ਦੀ ਤਿਆਰੀ ਮਗਰੋਂ ਕਿਸ ਤਰ੍ਹਾਂ ਹੋਇਆ ਹਮਲਾ

ਮੈਲਬਰਨ : ਇੱਕ ਹੈਰਾਨਕੁੰਨ ਘਟਨਾ ’ਚ ਮੰਗਲਵਾਰ ਨੂੰ ਲੈਬਨਾਨ ’ਚ ਲੋਕਾਂ ਵੱਲੋਂ ਵਰਤੇ ਜਾਂਦੇ ਹਜ਼ਾਰਾਂ ਪੇਜਰਾਂ ’ਚ ਅਚਾਨਕ ਧਮਾਕੇ ਹੋਣੇ ਸ਼ੁਰੂ ਹੋ ਗਏ ਜਿਸ ਨਾਲ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 2750 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਈਰਾਨ ਦਾ ਇੱਕ ਡਿਪਲੋਮੈਟ ਵੀ ਸ਼ਾਮਲ ਹੈ। ਧਮਾਕਿਆਂ ਤੋਂ ਹੈਰਾਨ-ਪ੍ਰੇਸ਼ਾਨ ਹਿਜ਼ਬੁੱਲਾ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਿਆਂ ’ਚ ਇਸ ਦੇ ਦੋ ਲੜਾਕੇ ਅਤੇ ਇੱਕ ਛੋਟੀ ਬੱਚੀ ਸ਼ਾਮਲ ਹਨ।

ਨਿਊਯਾਰਕ ਟਾਈਮਜ਼ ਨੇ ਅਮਰੀਕੀ ਅਤੇ ਹੋਰ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਜ਼ਰਾਈਲ ਦੀ ਜਾਸੂਸੀ ਏਜੰਸੀ ਮੋਸਾਦ ਨੇ ਤਾਈਵਾਨ ਵਿਚ ਬਣੇ ਗੋਲਡ ਅਪੋਲੋ ਕੰਪਨੀ ਦੇ 5000 ਪੇਜਰਾਂ ਵਿਚ ਵਿਸਫੋਟਕ ਸਮੱਗਰੀ ਲੁਕਾਈ ਸੀ, ਜਿਨ੍ਹਾਂ ਨੂੰ ਲੈਬਨਾਨ ਦੇ ਅਤਿਵਾਦੀ ਗਰੁੱਪ ਹਿਜ਼ਬੁੱਲਾ ਨੂੰ ਵੇਚਿਆ ਗਿਆ ਸੀ। ਹਾਲਾਂਕਿ ਕੰਪਨੀ ਨੇ ਇਹ ਪੇਜਰ ਹਿਜ਼ਬੁੱਲਾ ਨੂੰ ਵੇਚੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਹਮਲਾ ਕਈ ਮਹੀਨੇ ਪਹਿਲਾਂ ਤੋਂ ਯੋਜਨਾਬੱਧ ਸੀ। ਸਮੱਗਰੀ ਨੂੰ ਬੈਟਰੀ ਦੇ ਨਾਲ ਇੱਕ ਸਵਿਚ ਨਾਲ ਲਗਾਇਆ ਗਿਆ ਸੀ ਜਿਸ ’ਚ ਰਿਮੋਟ ਕੰਟਰੋਲ ਨਾਲ ਧਮਾਕਾ ਕੀਤਾ ਜਾ ਸਕਦਾ ਸੀ। ਹਿਜ਼ਬੁੱਲਾ ਇਜ਼ਰਾਈਲੀ ਟਰੈਕਿੰਗ ਤੋਂ ਬਚਣ ਲਈ ਸੰਚਾਰ ਦੇ ਘੱਟ ਤਕਨੀਕੀ ਸਾਧਨ ਵਜੋਂ ਪੇਜਰਾਂ ਦੀ ਵਰਤੋਂ ਕਰ ਰਿਹਾ ਹੈ।

ਇਹ ਧਮਾਕੇ ਦੱਖਣੀ ਲੇਬਨਾਨ, ਬੇਰੂਤ ਦੇ ਸਬਅਰਬ ਅਤੇ ਬੇਕਾ ਘਾਟੀ ’ਚ ਹੋਏ। ਹਿਜ਼ਬੁੱਲਾ ਨੇ ਇਸ ਨੂੰ ਇਜ਼ਰਾਈਲ ਨਾਲ ਲਗਭਗ ਇਕ ਸਾਲ ਦੇ ਸੰਘਰਸ਼ ਵਿਚ ‘ਸਭ ਤੋਂ ਵੱਡੀ ਸੁਰੱਖਿਆ ਉਲੰਘਣਾ’ ਕਰਾਰ ਦਿੱਤਾ ਹੈ। ਹਿਜ਼ਬੁੱਲਾ ਨੇ ਇਜ਼ਰਾਈਲ ਵਿਰੁਧ ਜਵਾਬੀ ਕਾਰਵਾਈ ਕਰਨ ਦਾ ਸੰਕਲਪ ਲਿਆ ਹੈ। ਇਜ਼ਰਾਈਲ ਨੇ ਇਸ ਘਟਨਾ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਸ ਘਟਨਾ ਨੇ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਤਣਾਅ ਵਧਾ ਦਿੱਤਾ ਹੈ ਅਤੇ ਲੇਬਨਾਨ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਕੋਆਰਡੀਨੇਟਰ ਨੇ ਇਸ ਨੂੰ ‘ਬੇਹੱਦ ਚਿੰਤਾਜਨਕ’ ਦੱਸਿਆ ਹੈ। ਅਮਰੀਕਾ ਨੇ ਕੂਟਨੀਤਕ ਹੱਲ ਦੀ ਮੰਗ ਦੁਹਰਾਈ ਹੈ ਅਤੇ ਈਰਾਨ ਨੂੰ ਇਸ ਘਟਨਾ ਦਾ ਫਾਇਦਾ ਨਾ ਚੁੱਕਣ ਦੀ ਅਪੀਲ ਕੀਤੀ ਹੈ। ਇਸ ਸਮੂਹ ਨੇ ਪਿਛਲੇ ਸਾਲ ਇਜ਼ਰਾਈਲੀ ਹਮਲਿਆਂ ਵਿਚ 400 ਤੋਂ ਵੱਧ ਲੜਾਕਿਆਂ ਨੂੰ ਗੁਆ ਦਿੱਤਾ ਹੈ, ਜਿਸ ਵਿਚ ਜੁਲਾਈ ਵਿਚ ਇਸ ਦਾ ਚੋਟੀ ਦਾ ਕਮਾਂਡਰ ਫੁਆਦ ਸ਼ੁਕਰ ਵੀ ਸ਼ਾਮਲ ਹੈ।