ਮੈਲਬਰਨ : ਸੁਪਰ ਦੇ ਰੂਪ ’ਚ ਆਸਟ੍ਰੇਲੀਆਈ ਲੋਕਾਂ ਦਾ ਲਗਭਗ 18 ਬਿਲੀਅਨ ਡਾਲਰ ਸਰਕਾਰ ਕੋਲ ਪਿਆ ਹੋਇਆ ਹੈ ਜਿਸ ’ਤੇ ਬਹੁਤ ਸਾਰੇ ਲੋਕਾਂ ਨੇ ਅਜੇ ਤਕ ਦਾਅਵਾ ਨਹੀਂ ਕੀਤਾ। ਆਸਟ੍ਰੇਲੀਆਈ ਟੈਕਸੇਸ਼ਨ ਆਫਿਸ (ATO) ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਇਹ ਜਾਂਚ ਕਰਨ ਕਿ ਮੌਜੂਦਾ 17.8 ਅਰਬ ਡਾਲਰ ਦੇ ਪੂਲ ਵਿਚੋਂ ਕੋਈ ਹਿੱਸਾ ਉਨ੍ਹਾਂ ਦਾ ਹੈ ਜਾਂ ਨਹੀਂ।
ATO ਅਨੁਸਾਰ ‘ਜੇ ਤੁਸੀਂ ਨੌਕਰੀਆਂ ਬਦਲ ਲਈਆਂ ਹਨ, ਘਰ ਬਦਲ ਲਿਆ ਹੈ ਜਾਂ ਆਪਣੇ ਵੇਰਵਿਆਂ ਨੂੰ ਅਪਡੇਟ ਕਰਨਾ ਭੁੱਲ ਗਏ ਹੋ, ਤਾਂ ਹੋ ਸਕਦਾ ਹੈ ਤੁਸੀਂ ਸੁਪਰ ਗੁਆ ਚੁੱਕੇ ਹੋ ਜਾਂ ਇਹ ਲਾਵਾਰਸ ਪਿਆ ਹੋਵੇ।’ ਉਨ੍ਹਾਂ ਕਿਹਾ ਕਿ ਰਿਟਾਇਰਡ ਲੋਕਾਂ ਦਾ ਵੀ ਇਸ ’ਤੇ ਵੀ ਦਾਅਵਾ ਹੋ ਸਕਦਾ ਹੈ ਕਿਉਂਕਿ ATO ਕੋਲ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਤਰਫੋਂ 47.1 ਕਰੋੜ ਡਾਲਰ ਹਨ। ATO ਦੀ ਵੈੱਬਸਾਈਟ ’ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕੀ ਤੁਹਾਡਾ ਸੁਪਰ ਸਰਕਾਰ ਕੋਲ ਪਿਆ ਤਾਂ ਨਹੀਂ ਰਹਿ ਗਿਆ?