ਮੈਲਬਰਨ : ਬੱਸ ਡਰਾਈਵਰ Brett Button (59) ਨੂੰ NSW ਹੰਟਰ ਵੈਲੀ ਵਿੱਚ ਇੱਕ ਭਿਆਨਕ ਹਾਦਸੇ ਦਾ ਕਾਰਨ ਬਣਨ ਲਈ 32 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਪਹਿਲੀ ਪੈਰੋਲ ਵੀ 24 ਸਾਲ ਬਾਅਦ ਮਿਲੇਗੀ। ਹਾਦਸੇ ਵੇਲੇ Button ਨੇ ਓਪੀਓਇਡ (ਸਿੰਥੈਟਿਕ ਅਫ਼ੀਮ ਆਧਾਰਤ) Tramadol ਦਰਦ ਨਿਵਾਰਕ ਦਵਾਈ ਦੀ ਵਾਧੂ ਡੋਜ਼ ਖਾਧੀ ਹੋਈ ਸੀ ਜਿਸ ਕਾਰਨ ਉਸ ਨੂੰ ਨਸ਼ਾ ਹੋ ਗਿਆ ਸੀ ਅਤੇ ਇਕ ਚੌਂਕ ਤੋਂ ਮੋੜ ਕੱਟਣ ਲੱਗਿਆਂ ਉਸ ਦਾ ਬੱਸ ’ਤੇ ਕੰਟਰੋਲ ਨਹੀਂ ਰਿਹਾ।
ਉਸ ਨੇ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਦੇ 10 ਦੋਸ਼ਾਂ ਅਤੇ ਹੋਰ ਸਬੰਧਤ ਦੋਸ਼ਾਂ ਨੂੰ ਕਬੂਲ ਕਰ ਲਿਆ। ਇਹ ਹਾਦਸਾ 11 ਜੂਨ, 2023 ਨੂੰ ਵਿਆਹ ਦੇ ਮਹਿਮਾਨਾਂ ਨੂੰ ਲਿਜਾਂਦੇ ਸਮੇਂ ਵਾਪਰਿਆ ਸੀ। ਹਾਦਸੇ ’ਚ ਬਚੇ ਹੋਏ ਲੋਕਾਂ ਅਤੇ ਪੀੜਤਾਂ ਦੇ ਪਰਿਵਾਰਾਂ ਨੇ ਸਜ਼ਾ ਬਾਰੇ ਰਲਵੀਆਂ-ਮਿਲਵੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਕੁਝ ਨੇ ਮਹਿਸੂਸ ਕੀਤਾ ਕਿ ਇਹ ਸਜ਼ਾ ਕਾਫ਼ੀ ਹੈ, ਜਦੋਂ ਕਿ ਹੋਰਾਂ ਦਾ ਮੰਨਣਾ ਸੀ ਕਿ ਅਪਰਾਧ ਦੀ ਗੰਭੀਰਤਾ ਨੂੰ ਵੇਖਦਿਆਂ ਇਹ ਸਜ਼ਾ ਨਾਕਾਫ਼ੀ ਹੈ।
Button ਨੇ ਪਛਤਾਵਾ ਅਤੇ ਸ਼ਰਮ ਜ਼ਾਹਰ ਕਰਦਿਆਂ ਦਾਅਵਾ ਕੀਤਾ ਕਿ ਉਸ ਨੂੰ ਓਪੀਓਇਡ ਦੀ ਲਤ ਲਗ ਗਈ ਸੀ ਅਤੇ ਉਸ ਨੂੰ ਅਹਿਸਾਸ ਨਹੀਂ ਸੀ ਕਿ ਇਹ ਉਸ ਦੀ ਡਰਾਈਵਿੰਗ ਨੂੰ ਖਰਾਬ ਕਰ ਦੇਵੇਗਾ। ਡਾਕਟਰਾਂ ਨੇ ਉਸ ਨੂੰ ਦਿਨ ’ਚ 200mg ਤੋਂ ਵੱਧ ਦਵਾਈ ਨਾ ਖਾਣ ਦੀ ਸਲਾਹ ਦਿੱਤੀ ਸੀ ਪਰ Button ਨੇ ਹਾਦਸੇ ਵਾਲੇ ਦਿਨ 350mg ਦਵਾਈ ਖਾਧੀ ਹੋਈ ਸੀ।