ਮੈਲਬਰਨ : ਮੀਂਹ ਅਤੇ ਹਨੇਰੀ ਨੇ ਤਿੰਨ ਸਟੇਟਾਂ ਵਿੱਚ ਵਿਆਪਕ ਨੁਕਸਾਨ ਕੀਤਾ ਹੈ ਅਤੇ ਆਮ ਜੀਵਨ ਲੀਹੋਂ ਉਤਾਰ ਦਿਤਾ ਹੈ। ਹਨੇਰੀ ਦੇ ਨਤੀਜੇ ਵਜੋਂ ਇੱਕ ਮੌਤ ਹੋ ਗਈ ਹੈ, ਸੈਂਕੜੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ ਹੈ, ਅਤੇ 100,000 ਤੋਂ ਵੱਧ ਲੋਕ ਬਿਜਲੀ ਤੋਂ ਵਾਂਝੇ ਹਨ। NSW-ਵਿਕਟੋਰੀਅਨ ਸਰਹੱਦ ’ਤੇ Moama ਦੇ ਇੱਕ ਹੋਲੀਡੇ ਪਾਰਕ ਵਿੱਚ ਇੱਕ ਦਰੱਖਤ ਦੇ ਕੈਬਿਨ ’ਤੇ ਡਿੱਗਣ ਨਾਲ ਇੱਕ 63 ਸਾਲ ਦੀ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਜਖ਼਼ਮੀ ਹੋ ਗਿਆ।
ਵਿਕਟੋਰੀਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, 120,000 ਤੋਂ ਵੱਧ ਵਸਨੀਕ ਬਿਜਲੀ ਤੋਂ ਵਾਂਝੇ ਹਨ, 660 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਸਕੂਲ ਅਤੇ ਕਿੰਡਰਗਾਰਟਨ ਬੰਦ ਹਨ। ਖਰਾਬ ਮੌਸਮ ਨੇ ਜਨਤਕ ਆਵਾਜਾਈ ਵਿੱਚ ਵੀ ਵੱਡੀਆਂ ਰੁਕਾਵਟਾਂ ਪੈਦਾ ਕੀਤੀਆਂ ਹਨ, ਮਲਬੇ ਨੇ ਰੇਲ ਅਤੇ ਟ੍ਰਾਮ ਲਾਈਨਾਂ ਨੂੰ ਪ੍ਰਭਾਵਿਤ ਕੀਤਾ ਹੈ। ਤਸਮਾਨੀਆ ਵੀ 157 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣ ਨਾਲ ਪ੍ਰਭਾਵਿਤ ਹੋਇਆ ਹੈ, ਪ੍ਰਾਪਰਟੀਜ਼ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ 10,000 ਲੋਕ ਬਿਜਲੀ ਤੋਂ ਵਾਂਝੇ ਹਨ।
ਮੌਸਮ ਦੀ ਗੰਭੀਰ ਚੇਤਾਵਨੀ ਅਜੇ ਵੀ ਜਾਰੀ ਹੈ ਅਤੇ ਵਸਨੀਕਾਂ ਨੂੰ ਸੋਮਵਾਰ ਰਾਤ ਨੂੰ ਆਉਣ ਵਾਲੇ ਇਕ ਹੋਰ ਤੂਫਾਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ ਹੈ। ਤਸਮਾਨੀਆ ’ਚ ਦਰਿਆਵਾਂ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਐਮਰਜੈਂਸੀ ਸੇਵਾਵਾਂ ਬਿਜਲੀ ਬਹਾਲ ਕਰਨ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰ ਰਹੀਆਂ ਹਨ, ਜਿਸ ਵਿੱਚ ਹੋਰ ਗੰਭੀਰ ਮੌਸਮ ਲਈ ਚੇਤਾਵਨੀ ਦਿੱਤੀ ਗਈ ਹੈ।