‘ਏਨੇ ਖ਼ਰਚ ਦੀ ਕੀ ਜ਼ਰੂਰਤ ਸੀ?’ ਆਸਟ੍ਰੇਲੀਆਈ ਡਿਪਲੋਮੈਟਾਂ ਵਲੋਂ ਭਾਰਤ ’ਚ ਕਰਵਾਏ ਈਵੈਂਟ ’ਤੇ ਪੈਦਾ ਹੋਇਆ ਵਿਵਾਦ

ਮੈਲਬਰਨ : ਆਸਟ੍ਰੇਲੀਆ ਦੇ ਡਿਪਲੋਮੈਟਾਂ ਨੇ ਆਸਟ੍ਰੇਲੀਆਈ ਕੌਂਸਲੇਟ ਵੱਲੋਂ ਕਰਵਾਏ ਇਕ ਪ੍ਰੋਗਰਾਮ ’ਚ ਸੰਖੇਪ ਪ੍ਰਦਰਸ਼ਨ ਲਈ Didgeridoo ਨਾਂ ਦੇ ਸੰਗੀਤ ਉਪਕਰਨ ਨੂੰ ਵਜਾਉਣ ਵਾਲੇ ਕਲਾਕਾਰ Ronald Murray ਨੂੰ ਭਾਰਤ ਲਿਆਉਣ ਲਈ ਟੈਕਸਦਾਤਾਵਾਂ ਦੇ ਕਰੀਬ 20,000 ਡਾਲਰ ਖਰਚ ਕੀਤੇ। ਪਰ ਇਹ ਖ਼ਰਚ ਵਿਵਾਦਾਂ ’ਚ ਘਿਰ ਗਿਆ ਹੈ। ਵਿਰੋਧੀ ਧਿਰ ਨੇ ਇਸ ਖ਼ਰਚੇ ਦੀ ਆਲੋਚਨਾ ਕਰਦਿਆਂ ਇਸ ਨੂੰ ‘ਬੇਲੋੜਾ ਅਤੇ ਹੱਦੋਂ ਵੱਧ’ ਦੱਸਿਆ ਹੈ, ਜਦੋਂ ਕਿ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਵਿਦੇਸ਼ਾਂ ਵਿੱਚ ਆਸਟ੍ਰੇਲੀਆ ਦੇ ਸੱਭਿਆਚਾਰ ਅਤੇ ਹਿੱਤਾਂ ਨੂੰ ਉਤਸ਼ਾਹਤ ਕਰਨ ਲਈ ਇਸ ਦਾ ਬਚਾਅ ਕੀਤਾ ਹੈ।

ਦਰਅਸਲ ਇਹ ਪ੍ਰੋਗਰਾਮ ਸੈਂਟਰ ਫ਼ਾਰ ਆਸਟ੍ਰੇਲੀਆ-ਇੰਡੀਆ ਰਿਲੇਸ਼ਨਜ਼ (CAIR) ਨਾਲ ਭਾਈਵਾਲੀ ’ਚ ਕਰਵਾਇਆ ਗਿਆ। ਦੱਖਣੀ ਭਾਰਤੀ ਸਟੇਟ ਚੇਨਈ ’ਚ IPL ਦੇ ਫ਼ਾਈਨਲ ਤੋਂ ਪਹਿਲਾਂ ਹੋਇਆ ਇਹ ਪ੍ਰੋਗਰਾਮ ‘ਸਮਰ ਆਫ ਕ੍ਰਿਕਟ’ ਜਸ਼ਨਾਂ ਦਾ ਹਿੱਸਾ ਸੀ ਅਤੇ ਇਸ ਦਾ ਉਦੇਸ਼ ਆਸਟ੍ਰੇਲੀਆਈ ਸਵਦੇਸ਼ੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨਾ ਸੀ। ਇਸ ਦਾ ਕੁੱਲ ਬਜਟ 40 ਹਜ਼ਾਰ ਡਾਲਰ ਸੀ ਜਦਕਿ ਸਿਰਫ਼ Ronald Murray ਦੇ ਸ਼ੁਰੂਆਤੀ ਪ੍ਰਦਰਸ਼ਨ ’ਤੇ ਕਰੀਬ 20 ਹਜ਼ਾਰ ਡਾਲਰ ਖ਼ਰਚ ਦਿੱਤਾ ਗਿਆ। Murray ਦੇ ਪ੍ਰਦਰਸ਼ਨ ਦੀ ਲਾਗਤ ਫੀਸ ਵਿੱਚ 11,086 ਡਾਲਰ ਅਤੇ ਉਡਾਣਾਂ ਤੇ ਰਿਹਾਇਸ਼ ਵਿੱਚ 8,840 ਡਾਲਰ ਖ਼ਰਚ ਹੋਇਆ ਸੀ।

ਵਿਰੋਧੀ ਧਿਰ ਦੇ ਆਗੂ James Stevens ਨੇ ਇੱਕ ਬਿਆਨ ’ਚ ਕਿਹਾ, ‘‘20 ਹਜ਼ਾਰ ਡਾਲਰ ਖ਼ਰਚ ਕਰ ਕੇ ਕੁੱਝ ਕੁ ਮਿੰਟਾਂ ਦੇ ਸੰਗੀਤ ਪ੍ਰਦਰਸ਼ਨ ਦਾ ਪ੍ਰਬੰਧ ਕਰਨਾ ਪੈਸੇ ਦੀ ਅਤਿ ਦੁਰਵਰਤੋਂ ਹੈ। ਆਸਟ੍ਰੇਲੀਆ ਦੇ ਸਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦੇ ਕਈ ਤਰੀਕੇ ਹਨ ਪਰ ਕਿਸੇ ਨੂੰ Didgeridoo ਵਜਾਉਣ ਲਈ ਭਾਰਤ ਭੇਜਣਾ ਖ਼ਰਚੀਲੀ ਅਤੇ ਗ਼ੈਰਜ਼ਰੂਰੀ ਗੱਲ ਹੈ।’’ ਹਾਲਾਂਕਿ ਵਿਦੇਸ਼ ਵਿਭਾਗ ਦੇ ਬੁਲਾਰੇ ਇਸ ਖ਼ਰਚ ਦਾ ਬਚਾਅ ਕਰਦਿਆਂ ਕਿਹਾ, ‘‘ਅਸਰਦਾਰ ਸਥਾਨਕ ਲੋਕਾਂ ਸਾਹਮਣੇ ਆਸਟ੍ਰੇਲੀਆ ਨੂੰ ਪ੍ਰਦਰਸ਼ਿਤ ਕਰਨ ਵਾਲੇ ਉੱਚ-ਮਿਆਰੀ ਈਵੈਂਟ ਕਰਵਾਉਣਾ ਇਸ ਮੁਕਾਬਲੇਬਾਜ਼ ਦੁਨੀਆ ’ਚ ਆਸਟ੍ਰੇਲੀਆ ਦਾ ਪ੍ਰਚਾਰ ਕਰਨ ਲਈ ਬਹੁਤ ਜ਼ਰੂਰੀ ਹਨ।’’