ਵਰਕਰਾਂ ਲਈ ਸੋਮਵਾਰ ਤੋਂ ਹੋਣ ਜਾ ਰਿਹੈ ਵੱਡਾ ਬਦਲਾਅ, ਬੌਸ ਨਹੀਂ ਕਰ ਸਕੇਗਾ ਫ਼ਜੂਲ ਪ੍ਰੇਸ਼ਾਨ

ਮੈਲਬਰਨ : ਆਉਣ ਵਾਲਾ ਸੋਮਵਾਰ ਆਸਟ੍ਰੇਲੀਆ ’ਚ ਸਾਰੇ ਵਰਕਰਾਂ ਲਈ ਰਾਹਤ ਲੈ ਕੇ ਆਉਣ ਵਾਲਾ ਹੈ। ਦਰਅਸਲ ਆਸਟ੍ਰੇਲੀਆ ਸਰਕਾਰ ਨੇ ਇਸੇ ਸਾਲ ਫ਼ਰਵਰੀ ਮਹੀਨੇ ’ਚ ‘ਰਾਇਟ ਟੂ ਡਿਸਕੁਨੈਕਟ’ ਨਾਂ ਦਾ ਕਾਨੂੰਨ ਪਾਸ ਕੀਤਾ ਸੀ ਜੋ 26 ਅਗਸਤ ਤੋਂ ਲਾਗੂ ਹੋਵੇਗਾ। ਇਸ ਕਾਨੂੰਨ ਅਨੁਸਾਰ ਬੌਸ ਆਪਣੇ ਵਰਕਰ ਨੂੰ ਕੰਮ ਤੋਂ ਛੁੱਟੀ ਹੋਣ ਮਗਰੋਂ, ਵਾਜਬ ਕਾਰਨ ਤੋਂ ਇਲਾਵਾ, ਕਿਸੇ ਕੰਮ ਲਈ ਸੰਪਰਕ ਨਹੀਂ ਕਰ ਸਕੇਗਾ। ਨਾ ਹੀ ਉਹ ਕੰਮ ਨਾਲ ਸਬੰਧਤ ਕਾਲ, SMS, ਈ-ਮੇਲ ਆਦਿ ਰਾਹੀਂ ਆਏ ਕਿਸੇ ਸਵਾਲ ਦਾ ਜਵਾਬ ਦੇਣ ਲਈ ਮਜਬੂਰ ਹੋਵੇਗਾ।

ਜੇਕਰ ਸੋਸ਼ਣ ਜਾਰੀ ਰਹਿੰਦਾ ਹੈ ਤਾਂ ਵਰਕਰ ਇਸ ਤਰ੍ਹਾਂ ਦੇ ਕੇਸਾਂ ਲਈ ‘ਫ਼ੇਅਰ ਵਰਕ ਕਮਿਸ਼ਨ’ ਕੋਲ ਸ਼ਿਕਾਇਤ ਕਰ ਸਕਦਾ ਹੈ। ਸ਼ਿਕਾਇਤ ਦੀ ਜਾਂਚ ਹੋਵੇਗੀ ਅਤੇ ਜਾਂਚ ਤੋਂ ਬਾਅਦ ਬੌਸ ’ਤੇ ਕਾਰਵਾਈ। ਹਰਜਾਨਾ ਵਸੂਲ ਕੀਤਾ ਜਾਵੇਗਾ। ਕਾਨੂੰਨ ਦਾ ਮਕਸਦ ਹੈ ਕਿ ਕੰਮ ਅਤੇ ਨਿਜੀ ਸਮੇਂ ਵਿਚਕਾਰ ਸਪੱਸ਼ਟ ਫ਼ਰਕ ਬਣੇ ਤਾਕਿ ਪੰਜ-ਛੇ ਦਿਨ ਕੰਮ ਕਰਨ ਵਾਲਾ ਵਿਅਕਤੀ ਛੁੱਟੀ ਵਾਲੇ ਦਿਨ ਤਸੱਲੀ ਨਾਲ ਆਰਾਮ ਕਰ ਸਕੇ। ਅਜਿਹੇ ਕਾਨੂੰਨ ਅਮਰੀਕਾ, ਫ਼ਰਾਂਸ, ਜਰਮਨੀ ਅਤੇ ਯੂਰਪੀ ਸੰਘ ਦੇ ਦੇਸ਼ਾਂ ’ਚ ਵੀ ਹਨ।