ਮੈਲਬਰਨ ਦੇ ਪਾਰਕ ’ਚ ਮਿਲੀ ਨੌਜਵਾਨ ਦੀ ਲਾਸ਼, ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਸ਼ੱਕ

ਮੈਲਬਰਨ : ਮੈਲਬਰਨ ਦੇ ਇਕ ਪਾਰਕ ’ਚ ਇਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਹੋਮਿਸਾਈਡ ਸਕੁਐਡ ਦੇ ਡਿਟੈਕਟਿਵ ਇੰਸਪੈਕਟਰ ਡੀਨ ਥਾਮਸ ਨੇ ਕਿਹਾ ਕਿ Derrimut ਦੇ Balmoral Park ਵਿਚ ਇਕ ਵਿਅਕਤੀ ਨੇ ਪੀੜਤ ਨੂੰ ਜ਼ਖਮੀ ਪਾਇਆ। ਉਸ ਨੇ ਕੁੱਝ ਹੋਰ ਲੋਕਾਂ ਨਾਲ ਜ਼ਖ਼ਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਥਾਮਸ ਨੇ ਵਿਅਕਤੀ ਦੀ ਪਛਾਣ Derrimut ਦੇ ਰਹਿਣ ਵਾਲੇ 28 ਸਾਲ ਦੇ ਵਿਅਕਤੀ ਵਜੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਨੂੰ ਆਖਰੀ ਵਾਰ ਰਾਤ ਕਰੀਬ 9 ਵਜੇ ਉਸ ਦੀ ਭੈਣ ਨੇ ਤਿੰਨ ਮਰਦਾਂ ਦੇ ਨਾਲ Derrimut ਇਲਾਕੇ ‘ਚ ਦੇਖਿਆ ਸੀ। ਕੱਲ੍ਹ ਰਾਤ 9 ਵਜੇ ਤੋਂ ਅੱਜ ਸਵੇਰੇ 4:20 ਵਜੇ ਦੇ ਵਿਚਕਾਰ ਕੀ ਹੋਇਆ ਅਤੇ ਉਹ ਕਿਸ ਦੇ ਨਾਲ ਸੀ, ਇਹ ਜਾਂਚ ਦਾ ਹਿੱਸਾ ਹੋਵੇਗਾ। ਥਾਮਸ ਨੇ ਕਿਹਾ ਕਿ ਪਾਰਕ ਦੇ ਆਲੇ-ਦੁਆਲੇ ਕਈ ਚਾਕੂ ਮਿਲੇ ਹਨ ਅਤੇ ਕਈ ਲੋਕਾਂ ਨੂੰ ਪਾਰਕ ਤੋਂ ਭੱਜਦੇ ਦੇਖਿਆ ਗਿਆ ਹੈ। ਪਾਰਕ ਦਾ ਵੱਡਾ ਹਿੱਸਾ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਜਾਂਚ ਜਾਰੀ ਹੈ।

ਪੁਲਿਸ ਨੇ ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਦੇਖਿਆ, ਜਿਸ ਕੋਲ CCTV, ਡੈਸ਼ਕੈਮ ਫੁਟੇਜ ਜਾਂ ਕੋਈ ਜਾਣਕਾਰੀ ਹੈ, ਉਸ ਨੂੰ 1800 333 000 ’ਤੇ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।