ਤਿਕੋਣੀ ਸੀਰੀਜ਼ ਲਈ ਭਾਰਤੀ ਮੂਲ ਦੀਆਂ ਤਿੰਨ ਕੁੜੀਆਂ ਨੂੰ ਆਸਟ੍ਰੇਲੀਆ ਦੀ ਮਹਿਲਾ ਕ੍ਰਿਕੇਟ ਟੀਮ ’ਚ ਮਿਲੀ ਥਾਂ

ਮੈਲਬਰਨ : ਕ੍ਰਿਕਟ ਆਸਟ੍ਰੇਲੀਆ ਨੇ 19 ਸਤੰਬਰ ਤੋਂ ਬ੍ਰਿਸਬੇਨ ’ਚ ਸ਼ੁਰੂ ਹੋਣ ਵਾਲੀ ਮਹਿਲਾ ਅੰਡਰ-19 ਤਿਕੋਣੀ ਸੀਰੀਜ਼ ਲਈ ਭਾਰਤੀ ਮੂਲ ਦੀਆਂ ਤਿੰਨ ਕੁੜੀਆਂ ਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ। ਰਿਬਆ ਸਿਆਨ, ਸਮਾਰਾ ਦੁਲਵਿਨ ਅਤੇ ਹਸਰਤ ਗਿੱਲ ਤਿੰਨ ਕੁੜੀਆਂ ਹਨ ਜੋ ਭਾਰਤੀ ਮੂਲ ਦੀਆਂ ਹਨ ਅਤੇ ਉਹ ਵਧੀਆ ਪ੍ਰਦਰਸ਼ਨ ਕਰਨ ਅਤੇ ਕ੍ਰਿਕੇਟ ’ਚ ਆਪਣਾ ਨਾਮ ਬਣਾਉਣ ਦੀ ਉਮੀਦ ਕਰ ਰਹੀਆਂ ਹਨ।

ਰਿਬਯਾ ਸਿਆਨ ਵਿਕਟੋਰੀਆ ਦੀ ਇੱਕ ਤੇਜ਼ ਗੇਂਦਬਾਜ਼ੀ ਆਲਰਾਊਂਡਰ ਹੈ, ਸਮਾਰਾ ਦੁਲਵਿਨ ਇੱਕ ਬੱਲੇਬਾਜ਼ ਹੈ ਜੋ ਪਹਿਲਾਂ ਇੰਗਲੈਂਡ ਅੰਡਰ-19 ਵਿਰੁੱਧ ਆਸਟ੍ਰੇਲੀਆ ਮਹਿਲਾ ਅੰਡਰ-19 ਟੀਮ ਲਈ ਖੇਡ ਚੁੱਕੀ ਹੈ, ਜਦੋਂ ਕਿ ਹਸਰਤ ਗਿੱਲ ਵੀ ਇੱਕ ਗੇਂਦਬਾਜ਼ ਹੈ ਜਿਸ ਨੇ ਇੰਗਲੈਂਡ ਵਿਰੁੱਧ ਅੰਡਰ-19 ਮੈਚਾਂ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕੀਤੀ ਹੈ। ਭਾਰਤੀ ਮੂਲ ਦੀਆਂ ਤਿੰਨ ਹੁਨਰਮੰਦ ਖਿਡਾਰਨਾਂ ਨੂੰ ਸ਼ਾਮਲ ਕਰਨਾ ਆਸਟ੍ਰੇਲੀਆਈ ਕ੍ਰਿਕਟ ‘ਚ ਵਧ ਰਹੀ ਵੰਨ-ਸੁਵੰਨਤਾ ਅਤੇ ਭਾਰਤੀ ਵਿਰਾਸਤ ਵਾਲੇ ਖਿਡਾਰੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦਾ ਹੈ।