ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ਦਾ ਸ਼ੋਸ਼ਣ ਕਰਨ ਵਾਲੇ 20 ‘Ghost Colleges’ (ਜਿਸ ਨੂੰ ‘ਵੀਜ਼ਾ ਫੈਕਟਰੀਆਂ’ ਵੀ ਕਿਹਾ ਜਾਂਦਾ ਹੈ) ’ਤੇ ਕਾਰਵਾਈ ਕੀਤੀ ਹੈ। ਇੱਕ ਅਜਿਹੇ ਕਾਲਜ ’ਚ ਤਾਂ 2020 ਤੋਂ ਕੋਈ ਟਰੇਨਿੰਗ ਵੀ ਨਹੀਂ ਦਿੱਤੀ ਗਈ ਹੈ। ਇਹ ਕਾਲਜ ਆਸਟ੍ਰੇਲੀਆ ਦੇ ਵੀਜ਼ਾ ਸਿਸਟਮ ’ਚ ਚੋਰ ਮੋਰ੍ਹੀਆਂ ਨੂੰ ਜ਼ਰੀਏ ਇੰਟਰਨੈਸ਼ਨਲ ਸਟੂਡੈਂਟਸ ਨੂੰ ਪੜ੍ਹਾਈ ਕਰਨ ਦੀ ਬਜਾਏ ਕੰਮ ਕਰਨ ਦੀ ਇਜਾਜ਼ਤ ਦਿੰਦੇ ਸਨ।
ਹੁਣ ਤੱਕ, 150 ਅਜਿਹੇ ਸਿੱਖਿਆ ਪ੍ਰੋਵਾਈਡਰਸ ਨੂੰ ਬੰਦ ਕਰ ਦਿੱਤਾ ਗਿਆ ਹੈ, ਅਤੇ 140 ਨੂੰ ਸਾਲ ਦੇ ਅੰਤ ਤੱਕ ਮਿਆਰੀ ਸਿਖਲਾਈ ਦੁਬਾਰਾ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਕਾਰਵਾਈ ਦਾ ਉਦੇਸ਼ ਇੰਟਰਨੈਸ਼ਨਲ ਸਟੂਡੈਂਟਸ ਦੇ ਸ਼ੋਸ਼ਣ ਨੂੰ ਰੋਕਣਾ ਹੈ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਸੀਮਤ ਕਰਨ ਦੀ ਸਰਕਾਰ ਦੀ ਯੋਜਨਾ ਨੂੰ ਲੈ ਕੇ ਯੂਨੀਵਰਸਿਟੀਆਂ ਦੀ ਆਲੋਚਨਾ ਦੇ ਵਿਚਕਾਰ ਆਇਆ ਹੈ।
ਸਰਕਾਰ ਦਾ ਦਾਅਵਾ ਹੈ ਕਿ ਇਹ ਤਬਦੀਲੀਆਂ ਫ਼ਰਜ਼ੀ ਵਿਦਿਆਰਥੀਆਂ ਅਤੇ ਬੇਈਮਾਨ ਪ੍ਰੋਵਾਈਡਰਸ ਨੂੰ ਹੱਲ ਕਰਨ ਲਈ ਲੋੜੀਂਦੀਆਂ ਹਨ, ਪਰ ਯੂਨੀਵਰਸਿਟੀਆਂ ਦਾ ਤਰਕ ਹੈ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ।