ਮੈਲਬਰਨ : ਮੈਲਬਰਨ ਦੀ ਪਰਖ ਅਧੀਨ ਮੈਟਰੋ ਟਨਲ ’ਤੇ Parkville ਅਤੇ Arden ਸਟੇਸ਼ਨਾਂ ਵਿਚਕਾਰ ਅਨੁਮਾਨਤ ਸਫ਼ਰ ਦਾ ਸਮਾਂ 2 ਮਿੰਟ ਤੋਂ ਦੁੱਗਣਾ ਹੋ ਕੇ 4-5 ਮਿੰਟ ਹੋ ਗਿਆ ਹੈ। ਇਹ ਪ੍ਰੋਜੈਕਟ ਅਗਲੇ ਸਾਲ ਦੇ ਅਖੀਰ ਵਿੱਚ ਖੁੱਲ੍ਹਣ ਦੀ ਉਮੀਦ ਹੈ, ਜਿਸ ਵਿੱਚ ਹਰ ਤਿੰਨ ਮਿੰਟ ਵਿੱਚ ਪੀਕ-ਆਵਰ ਰੇਲ ਗੱਡੀਆਂ ਚੱਲਣਗੀਆਂ।
ਦਰਅਸਲ ਇਹ ਮੈਟਰੋ ਟਨਲ Arden ਦੇ ਹਸਪਤਾਲ ਨੇੜਿਉਂ ਲੰਘੀ ਹੈ ਜਿਸ ਨਾਲ ਹਸਪਤਾਲ ’ਚ ਮੌਜੂਦ ਸੰਵੇਦਨਸ਼ੀਲ MRI ਵਰਗੇ ਮੈਡੀਕਲ ਉਪਕਰਣਾਂ ਨਾਲ ਇਲੈਕਟ੍ਰੋਮੈਗਨੈਟਿਕ ਦਖਲਅੰਦਾਜ਼ੀ ਕਾਰਨ ਰਿਪੋਰਟਾਂ ਠੀਕ ਨਹੀਂ ਆਉਂਦੀਆਂ ਸਨ। ਇਸ ਇਲੈਕਟ੍ਰੋਮੈਗਨੈਟਿਕ ਦਖਲਅੰਦਾਜ਼ੀ ਖ਼ਤਮ ਕਰਨ ਲਈ ਹੀ ਮੈਟਰੋਲ ਦੀ ਰਫ਼ਤਾਰ ਹੌਲੀ ਕੀਤੀ ਗਈ ਹੈ।
ਵਿਕਟੋਰੀਅਨ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਦਖਲਅੰਦਾਜ਼ੀ ਨੂੰ ਘੱਟ ਕਰਨ ਨਾਲ ਮੈਟਰੋ ਦੀ ਰਫ਼ਤਾਰ ’ਤੇ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ, ਪ੍ਰੀਮੀਅਰ ਨੇ ਹੁਣ ਕਿਹਾ ਹੈ ਕਿ ਸਮਾਂ ਸਾਰਣੀ ਦੇ ਅਧਾਰ ’ਤੇ ਸਫ਼ਰ ਵਿੱਚ 4 ਤੋਂ 5 ਮਿੰਟ ਦੇ ਵਿਚਕਾਰ ਸਮਾਂ ਲੱਗੇਗਾ। ਮੈਟਰੋ ਟਨਲ ਪ੍ਰੋਜੈਕਟ ’ਚੋਂ ਇਲੈਕਟ੍ਰੋਮੈਗਨੈਟਿਕ ਦਖਲਅੰਦਾਜ਼ੀ ਲਈ ਘਟਾਉਣ ਦੀਆਂ ਕੋਸ਼ਿਸ਼ਾਂ ਵਿੱਚ ਹੁਣ ਤੱਕ 181 ਮਿਲੀਅਨ ਡਾਲਰ ਦੀ ਲਾਗਤ ਆਈ ਹੈ।