ਮੈਲਬਰਨ : ਸਿਡਨੀ ’ਚ ਪੀਣ ਵਾਲੇ ਪਾਣੀ ਦੇ ਮਹਿਕਮੇ ਸਿਡਨੀ ਵਾਟਰ ਨੇ ਪੁਸ਼ਟੀ ਕੀਤੀ ਹੈ ਕਿ ਸਿਡਨੀ ਦੇ ਪਾਣੀ ਦੇ ਕੈਚਮੈਂਟ ਖੇਤਰਾਂ ਵਿੱਚ ਕੈਂਸਰ ਨਾਲ ਜੁੜੇ ਰਸਾਇਣਾਂ (PFAS) ਦੀ ਥੋੜ੍ਹੀ ਮਾਤਰਾ ਪਾਈ ਗਈ ਹੈ। ਹਾਲਾਂਕਿ ਪਾਣੀ ’ਚ ਇਹ ਰਸਾਇਣ ਸੁਰੱਖਿਅਤ ਪੀਣ ਵਾਲੇ ਪਾਣੀ ਲਈ ਸਵੀਕਾਰਯੋਗ ਸੀਮਾ ਤੋਂ ਹੇਠਲੇ ਪੱਧਰ ’ਤੇ ਹਨ।
ਇਹ ਰਸਾਇਣ Warragamba ਅਤੇ Prospect ਰਿਜ਼ਰਵੇਅਰ ਸਮੇਤ ਕਈ ਫਿਲਟਰੇਸ਼ਨ ਪਲਾਂਟਾਂ ਵਿੱਚ ਘੱਟ ਮਾਤਰਾ ’ਚ ਅਤੇ Cascade ਡੈਮ ਅਤੇ North Richmond ਵਿੱਚ ਥੋੜ੍ਹੇ ਉੱਚੇ ਪੱਧਰ ’ਤੇ ਮਿਲੇ ਹਨ। ਹਾਲਾਂਕਿ ਰਸਾਇਣਾਂ ਦੇ ਇਹ ਪੱਧਰ ਆਸਟ੍ਰੇਲੀਆ ’ਚ ਸੁਰੱਖਿਅਤ ਮੰਨੇ ਜਾਦੇ ਹਨ, ਪਰ ਇਹ ਸਖਤ ਅਮਰੀਕੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਰੱਖਿਅਤ ਹੱਦ ਤੋਂ ਵੱਧ ਹਨ।
NSW ਹੈਲਥ ਨੇ ਜਨਤਾ ਨੂੰ ਭਰੋਸਾ ਦਿੱਤਾ ਹੈ ਕਿ ਪੀਣ ਵਾਲਾ ਪਾਣੀ ਸੁਰੱਖਿਅਤ ਹੈ, ਅਤੇ ਆਸਟ੍ਰੇਲੀਆਈ ਦਿਸ਼ਾ-ਨਿਰਦੇਸ਼ਾਂ ਦੀ ਇਸ ਸਮੇਂ ਸਮੀਖਿਆ ਕੀਤੀ ਜਾ ਰਹੀ ਹੈ। PFAS ਰਸਾਇਣ ਨੂੰ ਕੈਂਸਰ ਦੇ ਖ਼ਤਰੇ ਨਾਲ ਜੋੜਿਆ ਗਿਆ ਹੈ, ਪਰ ਸਪੱਸ਼ਟ ਲਿੰਕ ਸਥਾਪਤ ਕਰਨ ਲਈ ਹੋਰ ਅਧਿਐਨ ਦੀ ਲੋੜ ਹੈ।