ਚਾਰ ਸਾਲਾਂ ’ਚ ਪਹਿਲੀ ਵਾਰੀ ਮਕਾਨਾਂ ਦੇ ਕਿਰਾਏ ’ਚ ਵਾਧਾ ਨਰਮ ਪਿਆ, ਜਾਣੋ ਕਾਰਨ

ਮੈਲਬਰਨ : ਕਈ ਸਾਲਾਂ ਬਾਅਦ ਆਸਟ੍ਰੇਲੀਆ ’ਚ ਮਕਾਨਾਂ ਦੇ ਕਿਰਾਏ ’ਚ ਵਾਧਾ ਨਰਮ ਪੈਣ ਦੇ ਸੰਕੇਤ ਮਿਲ ਰਹੇ ਹਨ। CoreLogic ਦੀ ਇੱਕ ਰਿਪੋਰਟ ਅਨੁਸਾਰ ਜੁਲਾਈ ਤੱਕ ਦੇ 12 ਮਹੀਨਿਆਂ ਵਿੱਚ ਪੂਰੇ ਦੇਸ਼ ਅੰਦਰ ਔਸਤਨ ਕਿਰਾਏ ਦੀ ਵਾਧਾ ਦਰ 0.1٪ ਰਹੀ ਜੋ ਚਾਰ ਸਾਲਾਂ ਵਿੱਚ ਸਭ ਤੋਂ ਘੱਟ ਹੈ।

ਪ੍ਰਾਪਰਟੀ ਵਿਸ਼ਲੇਸ਼ਕ ਕਿਰਾਏ ’ਚ ਇਸ ਨਰਮੀ ਦਾ ਕਾਰਨ ਸਪਲਾਈ ’ਚ ਵਾਧਾ, ਵਿਦੇਸ਼ਾਂ ’ਚੋਂ ਪ੍ਰਵਾਸ ਦੀ ਰਫ਼ਤਾਰ ਹੌਲੀ ਹੋਣਾ ਅਤੇ ਸਾਂਝੇ ਘਰਾਂ ’ਚ ਰਹਿਣ ਵਾਲੇ ਕਿਰਾਏਦਾਰਾਂ ਵੱਲੋਂ ਕਿਰਾਏ ਸਾਂਝੇ ਕਰਨਾ ਦੱਸਿਆ ਗਿਆ ਹੈ। ਹਾਲਾਂਕਿ ਕਿਰਾਏ ਵਿੱਚ ਵਾਧਾ ਹੌਲੀ ਹੋ ਰਿਹਾ ਹੈ, ਕੀਮਤਾਂ ਅਜੇ ਵੀ ਰਾਸ਼ਟਰੀ ਪੱਧਰ ’ਤੇ ਔਸਤਨ 7.8٪ ਵੱਧ ਰਹੀਆਂ ਹਨ, ਜੋ ਇੱਕ ਸਾਲ ਪਹਿਲਾਂ 8.6 ਫ਼ੀ ਸਦੀ ਅਤੇ ਦੋ ਸਾਲ ਪਹਿਲਾਂ 9.5 ਫ਼ੀ ਸਦੀ ਸਨ।

ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਕਿਰਾਏ ਦੀਆਂ ਕੀਮਤਾਂ ਨੂੰ ਡਿੱਗਣ ’ਚ ਲੰਮਾ ਸਮਾਂ ਲੱਗ ਸਕਦਾ ਹੈ, ਖ਼ਾਸਕਰ ਰੀਜਨਲ ਇਲਾਕਿਆਂ ਵਿੱਚ ਜਿੱਥੇ ਵਿਕਾਸ ਮਜ਼ਬੂਤ ਬਣਿਆ ਹੋਇਆ ਹੈ। ਹੌਲੀ ਹੋ ਰਹੀ ਮਾਰਕੀਟ ਕਿਰਾਏਦਾਰਾਂ ਲਈ ਸਵਾਗਤਯੋਗ ਖ਼ਬਰ ਹੈ, ਪਰ ਨੇੜਲੇ ਸਮੇਂ ਵਿੱਚ ਮਕਾਨਾਂ ਦੀ ਕਮੀ ਨੂੰ ਹੱਲ ਕਰਨ ਦੀ ਸੰਭਾਵਨਾ ਨਹੀਂ ਹੈ।