ਮੋਦੀ ਸਰਕਾਰ ਸਾਨੂੰ ਧਮਕੀਆਂ ਦੇ ਰਹੀ ਹੈ : ਕੁੱਝ ਅਮਰੀਕੀ ਸਿੱਖ

ਮੈਲਬਰਨ : ਅਮਰੀਕਾ ਵਿਚ ਕੁੱਝ ਸਿੱਖ ਲੀਡਰਾਂ ਅਤੇ ਕਾਰਕੁਨਾਂ ਨੇ ਖ਼ੁਦ ਨੂੰ ਧਮਕੀਆਂ ਮਿਲਣ ਦੀ ਸ਼ਿਕਾਇਤ ਕੀਤੀ ਹੈ ਜਿਨ੍ਹਾਂ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਭਾਰਤ ਸਰਕਾਰ ਨਾਲ ਜੁੜੇ ਹੋ ਸਕਦੇ ਹਨ। ਇਹ ਸ਼ੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਬਿਆਨ ਜਾਰੀ ਕਰਨ ਤੋਂ ਬਾਅਦ ਮਜ਼ਬੂਤ ਹੋ ਗਿਆ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਪ੍ਰਸ਼ਾਸਨ ਕੋਲ ਭਰੋਸੇਯੋਗ ਸਬੂਤ ਹਨ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਿੱਖ ਵੱਖਵਾਦੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਸ਼ਾਮਲ ਸੀ।

ਨਿਊਜ਼ ਏਜੰਸੀ ਰਾਊਟਰਜ਼ ਦੀ ਇੱਕ ਰਿਪੋਰਟ ਅਨੁਸਾਰ ਕੈਲੀਫੋਰਨੀਆ ਅਸੈਂਬਲੀ ਦੀ ਮੈਂਬਰ ਡਾ. ਜਸਮੀਤ ਬੈਂਸ ਨੂੰ 1984 ਵਿਚ ਭਾਰਤ ਵਿਚ ਸਿੱਖਾਂ ਦੇ ਕਤਲੇਆਮ ਨੂੰ ਨਸਲਕੁਸ਼ੀ ਐਲਾਨਣ ਵਾਲਾ ਮਤਾ ਪੇਸ਼ ਕਰਨ ਤੋਂ ਬਾਅਦ ਭਾਰਤੀ ਮੂਲ ਦੇ ਚਾਰ ਵਿਅਕਤੀ ਉਸ ਦੇ ਦਫ਼ਤਰ ’ਚ ਆਏ ਸਨ ਅਤੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ।

ਹੋਰ ਸਿੱਖ ਲੀਡਰਾਂ ਅਤੇ ਕਾਰਕੁਨਾਂ ਨੇ ਵੀ ਇਸੇ ਤਰ੍ਹਾਂ ਦੇ ਤਜ਼ਰਬਿਆਂ ਦੀ ਰਿਪੋਰਟ ਕੀਤੀ ਹੈ, ਜਿਸ ਵਿੱਚ ਆਨਲਾਈਨ ਤੰਗ-ਪ੍ਰੇਸ਼ਾਨ ਕਰਨਾ, ਨਿਗਰਾਨੀ ਅਤੇ ਡੌਕਸਿੰਗ ਸ਼ਾਮਲ ਹਨ। FBI ਨੇ ਕੁਝ ਸਿੱਖਾਂ ਨੂੰ ਸੰਭਾਵਿਤ ਖਤਰਿਆਂ ਬਾਰੇ ਚੇਤਾਵਨੀ ਵੀ ਦਿੱਤੀ ਹੈ ਅਤੇ ਪੰਜਾਬੀ ਵਿੱਚ ਇੱਕ ਜਨਤਕ ਸੇਵਾ ਘੋਸ਼ਣਾ ਜਾਰੀ ਕੀਤੀ ਹੈ ਜਿਸ ਵਿੱਚ ਲੋਕਾਂ ਨੂੰ ਧਮਕੀਆਂ ਜਾਂ ਪਰੇਸ਼ਾਨੀ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਗਈ ਹੈ।

ਇੰਡੀਆਨਾ ਦੇ ਗ੍ਰੀਨਵੁੱਡ ਵਿਚ ਇਕ ਗਰੋਸਰੀ ਦੀ ਦੁਕਾਨ ਦੇ ਮਾਲਕ ਹਰਜਾਪ ਸਿੰਘ ਜਾਪੀ, ਜਿਸ ‘ਤੇ ਭਾਰਤ ਨੇ ਕਿਸੇ ਵੇਲੇ ਸਿੱਖਸ ਫਾਰ ਜਸਟਿਸ ਨਾਲ ਸ਼ਾਮਲ ਹੋਣ ਲਈ ਅੱਤਵਾਦ ਨਾਲ ਸਬੰਧਤ ਅਪਰਾਧਾਂ ਦਾ ਦੋਸ਼ ਲਗਾਇਆ ਸੀ, ਨੇ ਕਿਹਾ ਕਿ 2022 ਦੇ ਪਤਝੜ ਵਿਚ, FBI ਏਜੰਟ ਉਸ ਦੇ ਘਰ ਆਏ ਅਤੇ 1980 ਦੇ ਦਹਾਕੇ ਦੇ ਅਖੀਰ ਵਿਚ ਬੰਬ ਧਮਾਕੇ ਵਿਚ ਉਸ ਦੀ ਸੰਭਾਵਿਤ ਸ਼ਮੂਲੀਅਤ ਬਾਰੇ ਪੁੱਛਿਆ। ਏਜੰਟਾਂ ਨੇ ਉਸ ਨੂੰ ਦੱਸਿਆ ਕਿ ਭਾਰਤ ਨੇ ਹਮਲੇ ਨਾਲ ਸਬੰਧਤ ਕੁਝ ਰਿਕਾਰਡ ਬਿਊਰੋ ਨੂੰ ਭੇਜੇ ਹਨ। 44 ਸਾਲ ਦੇ ਜਫੀ ਨੇ ਕਿਹਾ ਕਿ ਉਸ ਸਮੇਂ ਉਹ ਬੱਚਾ ਸੀ। 

ਹਾਲਾਂਕਿ ਭਾਰਤੀ ਅਧਿਕਾਰੀਆਂ ਨੇ ਧਮਕੀਆਂ ਅਤੇ ਪਰੇਸ਼ਾਨੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਰਿਪੋਰਟ ਅਨੁਸਾਰ ਇਨ੍ਹਾਂ ਸਿੱਖਾਂ ਦੇ ਤਜਰਬੇ ‘ਅੰਤਰਰਾਸ਼ਟਰੀ ਦਮਨ’ ਦੀ ਇੱਕ ਉਦਾਹਰਣ ਹੋ ਸਕਦੇ ਹਨ, ਜਿੱਥੇ ਇੱਕ ਵਿਦੇਸ਼ੀ ਸਰਕਾਰ ਦੂਜੇ ਦੇਸ਼ ਵਿੱਚ ਅਸਹਿਮਤੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ ਹੈ।