ਮੈਲਬਰਨ : ਨਿਊਜ਼ੀਲੈਂਡ ਨਾਲ ਫਲਾਂ ਦੇ ਵਪਾਰ ਨੂੰ ਹੁਲਾਰਾ ਦੇਣ ਲਈ ਭਾਰਤ ਨੇ ਆਪਣੀਆਂ ਨਵੀਆਂ ਆਡਿਟ ਕੀਤੀਆਂ ਵਾਸ਼ਪ ਹੀਟ ਟਰੀਟਮੈਂਟ ਸਹੂਲਤਾਂ ਅਤੇ ਨਿਊਜ਼ੀਲੈਂਡ ਨੂੰ ਅੰਗੂਰ ਦੀ ਐਕਸਪੋਰਟ ਲਈ ਜਲਦੀ ਬਾਜ਼ਾਰ ਪਹੁੰਚ ਲਈ ਤੇਜ਼ੀ ਨਾਲ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਹੈ| ਇਹ ਬੇਨਤੀਆਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਨਿਊਜ਼ੀਲੈਂਡ ਦੇ ਖੇਤੀਬਾੜੀ, ਜੰਗਲਾਤ, ਵਪਾਰ ਅਤੇ ਵਿਦੇਸ਼ ਮਾਮਲਿਆਂ ਦੇ ਸਹਿਯੋਗੀ ਮੰਤਰੀ ਟੌਡ ਮੈਕਲੇ ਦਰਮਿਆਨ ਸੋਮਵਾਰ ਨੂੰ ਹੋਈ ਉੱਚ ਪੱਧਰੀ ਗੱਲਬਾਤ ਦੌਰਾਨ ਕੀਤੀਆਂ ਗਈਆਂ। ਖੇਤੀਬਾੜੀ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਚੌਹਾਨ ਨੇ ਅੰਬਾਂ ਦੀ ਐਕਸਪੋਰਟ ਨੂੰ ਹੁਲਾਰਾ ਦੇਣ ਲਈ ਲਖਨਊ ਅਤੇ ਦਿੱਲੀ ’ਚ ਵਾਸ਼ਪ ਹੀਟ ਟਰੀਟਮੈਂਟ ਸਹੂਲਤਾਂ ਨੂੰ ਜਲਦੀ ਮਨਜ਼ੂਰੀ ਦੇਣ ਦੀ ਬੇਨਤੀ ਕੀਤੀ ਹੈ। ਦੋਹਾਂ ਮੰਤਰੀਆਂ ਨੇ ਤਾਜ਼ੇ ਅਤੇ ਸੁੱਕੇ ਫਲਾਂ ਦੇ ਵਪਾਰ ਨੂੰ ਵਧਾਉਣ ’ਤੇ ਵੀ ਚਰਚਾ ਕੀਤੀ। ਚੌਹਾਨ ਨੇ ਭਾਰਤ ਨਾਲ ਸਬੰਧ ਮਜ਼ਬੂਤ ਕਰਨ ਲਈ ਨਿਊਜ਼ੀਲੈਂਡ ਦੇ ਯਤਨਾਂ ਦੀ ਸ਼ਲਾਘਾ ਕੀਤੀ।