ਮੈਲਬਰਨ : Story – Three Sisters
ਧਰਤੀ ਕੁਦਰਤ ਦੀ ਇੱਕ ਮਹਾਨ ਰਚਨਾ ਹੈ। ਇਸ ਮਹਾਨ ਰਚਨਾ ਦੇ ਧਰਾਤਲ ਉਤੇ ਮੈਦਾਨ , ਅਕਾਸ਼ ਨੂੰ ਛੂੰਹਦੇ ਪਹਾੜ , ਪਤਾਲ ਤੱਕ ਪਹੁੰਚੀਆਂ ਖੱਡਾਂ, ਘਾਟੀਆਂ, ਡਿੱਗਦੇ ਪਾਣੀ ਦੇ ਝਰਨੇ , ਕਲਕਲ ਕਰਦੇ ਵਹਿੰਦੇ ਦਰਿਆ / ਨਦੀਆਂ- ਨਾਲੇ ਲਹਿਰਾਉਂਦੇ ਜੰਗਲ ਆਪਣੇ ਆਪ ਹੀ ਹੋਰ ਅਨੇਕਾਂ ਰਚਨਾਵਾਂ ਦੇ ਜਨਮ ਦਾਤੇ ਹੋ ਨਿਬੜਦੇ ਹਨ। ਹਵਾ, ਪਾਣੀ ਅਤੇ ਧੁੱਪ ਆਦਿ ਕੁਦਰਤੀ ਤੱਤ ਕੁਝ ਹੋਰ ਨਵੀਆਂ ਅਦਭੁੱਤ ਕਲਾਕ੍ਰਿਤੀਆਂ ਉਸਾਰਨ ਵਿਚ ਸਹਾਇਕ ਬਣ ਜਾਂਦੇ ਹਨ। ਇਹ ਕੁਦਰਤੀ ਸ਼ਕਤੀਆਂ ਕਈ ਵਾਰ ਆਲੇ ਦੁਆਲੇ ਦੀ ਦਿੱਖ ਵਿੱਚ ਸੋਹਜ ਭਰਦੇ ਹੋਏ ਪਥਰੀਲੀਆਂ ਚੋਟੀਆਂ ਦੀ ਵੀ ਐਸੀ ਘਾੜਤ ਘੜ ਦਿੰਦੇ ਹਨ ਕਿ ਜਿਨਾਂ ਨੂੰ ਵੇਖਣ ਵਾਲਾ ਇੱਕ ਵਾਰ ਵੇਖ ਦੰਗ ਰਹਿ ਜਾਂਦਾ ਹੈ ਤੇ ਇਹ ਕਹਿਣ ਲਈ ਮਜਬੂਰ ਹੋ ਉੱਠਦਾ ਹੈ ,’ਐਸਾ ਸੋਹਣਾ ਤੁਝੇ ਬਣਾਇਆ, ਜੀਅ ਕਰਤਾ ਤੁਝੇ ਦੇਖਤਾ ਰਹੂੰ।’ ਅਜਿਹਾ ਹੀ ਮੰਤਰਮੁਗਧ ਕਰਨ ਵਾਲਾ ਕੁਦਰਤੀ ਦ੍ਰਿਸ਼ ਵੇਖਣ ਨੂੰ ਮਿਲਦਾ ਹੈ,’Three Sisters'( ਤਿੰਨ ਭੈਣਾਂ) ਬਲਿਊ ਮਾਊਂਟੇਨਜ ਦੇ ਪਹਾੜਾਂ ਵਿੱਚ। ਇਹ ਪਹਾੜ ਸਿਡਨੀ (ਆਸਟਰੇਲੀਆ )ਦੇ ਪਿਛਾੜ (ਪੱਛਮ)ਵਿਚ ਪੈਨਰਿਥ ਇਲਾਕੇ ਦੀ ਇੱਕ ਪਰਬਤ ਲੜੀ ਹੈ। ਇਹ ਖੇਤਰ ਸਮੁੰਦਰੀ ਪੱਧਰ ਤੋਂ ਕਰੀਬ ਔਸਤਨ 3000 ਫੁੱਟ ਦੀ ਉਚਾਈ ‘ਤੇ ਹੈ। ਜਿਸ ਦੀ ਮਨਮੋਹਿਕ ਦਿੱਖ ਆਮ ਕਰਕੇ ਨੀਲੀ ਭਾਅ ਮਾਰਦੀ ਹੋਣ ਕਰਕੇ ਹੀ ਇਹਨਾਂ ਪਹਾੜਾਂ ਨੂੰ ‘ਬਲਿਊ ਮਾਊਂਟੇਨਜ’ ਦਾ ਨਾਮ ਦਿੱਤਾ ਗਿਆ ਹੈ। ਭੂਗੋਲਿਕ ਵਿਸ਼ਲੇਸ਼ਕਾਂ ਅਨੁਸਾਰ ਇਹ ਪਰਬਤ ਲੜੀ 20ਕਰੋੜ ਸਾਲ ਪੁਰਾਣੀ ਮੰਨੀ ਗਈ ਹੈ।
ਇਸ ਪਰਬਤ ਲੜੀ ਉਤੇ ਇੱਕ ਉਚੇਰੀ ਜਗਾ ‘ਕਟੁੰਬਾ’ ਨਾਂਅ ਦਾ ਹਿੱਲ ਸਟੇਸ਼ਨ (ਟੂਰਸਿਟ ਹੱਬ) ਹੈ। ਜਿਥੇ ਈਕੋ ਪੁਇੰਟ ਬਣਿਆ ਹੋਇਆ ਹੈ। ਜਿੱਥੋਂ ਇਸ ਰਮਣੀਕ ਦ੍ਰਿਸ਼ ਨੂੰ ਹੋਰ ਵੀ ਚੰਗੀ ਤਰਾਂ ਨਿਹਾਰਿਆ ਜਾ ਸਕਦਾ ਹੈ। ਇਸ ਟੂਰਸਿਟ ਹੱਬ ਤੋਂ ਦੂਰ ਤੱਕ ਫੈਲੀ ਬਹੁਤ ਹੀ ਵਿਸ਼ਾਲ ਤੇ ਸੰਘਣੇ ਜੰਗਲ ਨਾਲ ਢੱਕੀ ਘਾਟੀ ਦਿਖਾਈ ਦਿੰਦੀ ਹੈ। ਇਸ ਘਾਟੀ ਦੇ ਇੱਕ ਪਾਸੇ ਤਿੰਨ ਵੱਖ ਪਥਰੀਲੀਆਂ ਚੋਟੀਆਂ ਥੋੜ੍ਹੀ ਥੋੜ੍ਹੀ ਵਿੱਥ ‘ਤੇ ਖੜੀਆਂ ਦਿਖਾਈ ਦਿੰਦੀਆਂ ਹਨ। ਨੀਝ ਨਾਲ ਤੱਕਣ ‘ਤੇ ਇਨ੍ਹਾਂ ਉੱਤੇ ਮੁਟਿਆਰਾਂ ਦੇ ਮੂੰਹ ਮੁਹਾਂਦਰੇ ਵੀ ਉਭਰਦੇ ਹੋਏ ਪ੍ਰਤੀਤ ਹੁੰਦੇ ਹਨ।
ਇਹ ਤਿੰਨ ਚੋਟੀਆਂ ‘ Three Sisters (ਤਿੰਨ ਭੈਣਾਂ)’ ਵਜੋਂ ਜਾਣੀਆਂ ਜਾਂਦੀਆਂ ਹਨ। ਜਿਨਾਂ ਬਾਰੇ ਕੁਝ ਦੰਦ ਕਥਾਵਾਂ ਵੀ ਪ੍ਰਚਲਿਤ ਹਨ l ਇੱਕ ਮਿਥਿਹਾਸਕ ਕਥਾ ਅਨੁਸਾਰ ਮੇਹਾਨੀ, ਵਿਮਲਹ ਤੇ ਗੁਨਾਡੂ ਨਾਂਅ ਬਹੁਤ ਹੀ ਸੁੰਦਰ ਤਿੰਨ ਭੈਣਾਂ ਜੇਮੀਸਨ ਘਾਟੀ ਵਿੱਚ ਵੱਸਦੇ ਗੋਂਡਾ ਗੌਰਾ (ਕਟੂੰਬਾ ) ਕਬੀਲੇ ਨਾਲ ਸਬੰਧਿਤ ਸਨ । ਇਨ੍ਹਾਂ ਤਿੰਨਾਂ ਮੁਟਿਆਰਾਂ ਦੀ ਸੁੰਦਰਤਾ ਉਤੇ ਨੇੜਲੇ ਦੂਸਰੇ ਧਾੜੂਕ(ਨੀਪੇਨ)ਕਬੀਲੇ ਦੇ ਤਿੰਨ ਗੱਭਰੂ ਭਰਾ ਫ਼ਿਦਾ ਹੋ ਗਏ। ਪਰ ਇਹ ਮਾਮਲਾ ਦੋਹਾਂ ਕਬੀਲਿਆਂ ਦੇ ਕਾਇਦੇ ਕਾਨੂੰਨ ਤੋਂ ਉਲਟ ਹੋਣ ਕਰਕੇ ਇਸ ਦਾ ਵਿਰੋਧ ਹੋਣ ਲੱਗ ਪਿਆ ਸੀ। ਗੱਭਰੂਆਂ ਵਿੱਚ ਜੋਸ਼ ਜਵਾਨੀ ਠਾਠਾਂ ਮਾਰ ਰਹੀ ਸੀ ਅਤੇ ਉਹ ਹਰ ਹਾਲਤ ਵਿੱਚ ਆਪਣੇ ਪਿਆਰ ਨੂੰ ਪਾਉਣ ਲਈ ਵਿਆਹ ਰਚਾਉਣਾ ਚਾਹੁੰਦੇ ਸਨ। ਇਥੋਂ ਤੀਕ ਇਹ ਗੱਭਰੂ ਜ਼ੋਰ ਜ਼ਬਰਦਸਤੀ ‘ਤੇ ਵੀ ਉਤਾਰੂ ਹੋ ਗਏ ਸਨ ਅਤੇ ਇਹ ਸਭ ਮਾਮਲਾ ਇੱਜ਼ਤ ਆਬਰੂ ਬਚਾਉਣ ਦਾ ਸੁਆਲ ਬਣ ਗਿਆ ਸੀ। ਦੋਵੇਂ ਕਬੀਲੇ ਆਹਮੋ ਸਾਹਮਣੇ ਡੱਟ ਗਏ। ਖੂਨ ਡੋਲ੍ਹਵੀਂ ਲੜਾਈ ਤੋਂ ਬਚਣ ਲਈ ਗੌਂਡਗੌਰਾ ਕਬੀਲੇ ਵਿਚ ਇੱਕ ਜਾਦੂਗਰ ਨੇ ਇਨ੍ਹਾਂ ਤਿੰਨਾਂ ਮੁਟਿਆਰਾਂ ਨੂੰ ਪੱਥਰਾਂ ਦੀਆਂ ਮੂਰਤੀਆਂ(ਸਟੈਚੂ) ਵਿੱਚ ਬਦਲ ਦਿੱਤਾ ਤੇ ਸੋਚਿਆ ਕਿ ਠੰਡ ਠੰਡੋਲਾ/ਅਮਨ ਅਮਾਨ ਹੋ ਜਾਣ ‘ਤੇ ਏਨਾਂ ਨੂੰ ਫਿਰ ਅਸਲ ਵਜ਼ੂਦ (ਮਨੁੱਖੀ ਵਜੂਦ) ਵਿਚ ਬਦਲ ਲਿਆ ਜਾਵੇਗਾ । ਪਰ ਉਸ ਜਾਦੂਗਰ ਦੀ ਮੌਤ ਹੋ ਗਈ ਇਹ ਤਿੰਨੇ ਭੈਣਾਂ ਦਾ ਪੱਥਰੀ ਵਜੂਦ ਚਟਾਨਾਂ ਦੇ ਰੂਪ ਵਿੱਚ ਜਿਉਂ ਦਾ ਤਿਉਂ ਹੀ ਕਾਇਮ ਹੈ,ਦੀ ਮਨੌਤ ਵਿਚ ਕਾਫੀ ਵਿਸ਼ਵਾਸ ਬਣਿਆ ਹੋਇਆ ਹੈ।
ਇੱਕ ਹੋਰ ਕਾਲਪਨਿਕ ਕਥਾ ਵੀ ਪ੍ਰਚਲਿਤ ਹੈ ਕਿ ਇੱਕ ਤੈਵਾਨ ਨਾਂ ਦਾ ਜਾਦੂਗਰ ਆਪਣੀਆਂ ਤਿੰਨ ਲੜਕੀਆਂ ਮੇਹਾਨੀ, ਵਿਮਲਹ ਤੇ ਗੁਨਾਡੂ ਨਾਲ ਭੋਜਨ ਦੀ ਭਾਲ ਵਿੱਚ ਸੀ ਤਾਂ ਇਸ ਜਗ੍ਹਾ ਤੇ ਪਹੁੰਚਣ ‘ਤੇ ਅੱਗੇ ਇੱਕ ਡੂੰਘੀ ਖੱਡ ਸੀ ਤੇ ਲਾਂਘਾ ਵੀ ਬੜਾ ਹੀ ਤੰਗ ਹੋਣ ਕਰਕੇ ਉਸ ਨੇ ਆਪਣੀਆਂ ਲੜਕੀਆਂ ਨੂੰ ਚਟਾਨ ਦੀ ਦੀਵਾਰ ਕੋਲ ਹੀ ਛੱਡ ਦਿੱਤਾ। ਸੈਂਟੀਪੀਡ (ਕੰਨ ਖਜੂਰੇ ਦੀ ਸ਼ਕਲ ਵਰਗੇ ਵਿਸ਼ਾਲ ਕੀੜੇ) ਨੂੰ ਵੇਖ ਕੇ ਕੁੜੀਆਂ ਡਰ ਗਈਆਂ ਤੇ ਇੱਕ ਕੁੜੀ ਨੇ ਉਸ ਕੀੜੇ ਵੱਲ ਇੱਕ ਪੱਥਰ ਵਗਾਹ ਮਾਰਿਆ ਤੇ ਉਹ ਪੱਥਰ ਰਿੜਦਾ ਰਿੜਦਾ ਬਨਿਯਪ( ਦਹਿਸ਼ਤਵਾਦੀ ਵਿਅਕਤੀ) ‘ ਤੇ ਜਾ ਲੱਗਿਆ ਤੇ ਉਹ ਗੁੱਸੇ ਵਿੱਚ ਦਹਾੜਦਾ ਹੋਇਆ ਲੜਕੀਆਂ ਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਬਚਾਅ ਲਈ ਉਨਾਂ ਦੇ ਪਿਤਾ ਤੈਵਾਨ ਨੇ ਜਾਦੂਹੱਡੀ(ਜਾਦੂ ਛੜੀ) ਨਾਲ ਆਪਣੀਆਂ ਤਿੰਨ ਲੜਕੀਆਂ ਨੂੰ ਪੱਥਰ ਦੀਆਂ ਮੂਰਤੀਆਂ (ਸਟੈਚੂ)ਵਿੱਚ ਅਤੇ ਆਪਣੇ ਆਪ ਨੂੰ ‘ਲਯਰ ਬਰਡ’ ( ਲੰਮੇ ਖੰਭਾਂ / ਲੰਮੇ ਪੂਛ ਵਾਲੇ ਪੰਛੀ) ਦੇ ਰੂਪ ਵਿੱਚ ਬਦਲ ਤਾਂ ਜ਼ਰੂਰ ਲਿਆ ਪਰ ਆਪਣੀ ਜਾਦੂ ਦੀ ਛੜੀ ਗਵਾ ਲਈ ।ਕਿਹਾ ਜਾਂਦਾ ਹੈ ਕਿ ਚੋਟੀਆਂ ਦੇ ਰੂਪ ਵਿੱਚ ਤਿੰਨੇ ਭੈਣਾਂ ਤੇ ਖੁਦ ਤੈਵਾਨ ਆਪਣੇ ਅਸਲੀ ਵਜੂਦ ਦੀ ਉਡੀਕ ਵਿੱਚ ਹਨ ਅਤੇ ਪੰਛੀ ਦੇ ਰੂਪ ਵਿੱਚ ਉਹੀ ਤਵਾਨ ਆਪਣੀ ਜਾਦੂ ਦੀ ਛੜੀ ਦੀ ਭਾਲ ਵਿਚ ਮਾਰਾ ਮਾਰਾ ਫਿਰ ਰਿਹਾ ਹੈ ਤਾਂ ਕਿ ਉਸ ਜਾਦੂ ਹੱਡੀ ਦੀ ਮਦਦ ਨਾਲ ਫਿਰ ਉਹ ਮਨੁੱਖੀ ਵਜੂਦ ਵਿਚ ਆ ਸਕਣ। ਉਸ ਪੰਛੀ ਦੀ ਦਰਦ ਭਰੀ ਹੂਕ( ਕੂਕਾਂ) ਵੀ ਮਹਿਸੂਸ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਤਿੰਨਾਂ ਭੈਣਾਂ ਦਾ ਵਜੂਦ ਹੀ ਇਨਾਂ ਦਾ ਚਟਾਨਾਂ ਦੇ ਉਭਰਨ ਦਾ ਜੋ ਕਾਰਨ ਬਣਿਆ ਹੈ, ਬਾਰੇ ਸੁਪਨਮਈ ਦੰਦ ਕਥਾਵਾਂ ਬਾਰੇ ਸਦੀਆਂ ਤੋਂ ਬਣਿਆ ਵਿਸ਼ਵਾਸ ਚਲਦਾ ਆ ਰਿਹਾ ਹੈ। ਇਥੋਂ ਦੇ ਆਦਿਵਾਸੀਆਂ ਦੀਆਂ ਇਹ ਦੰਦ ਕਥਾਵਾਂ ਸੱਚ ਹਨ ਜਾਂ ਨਹੀਂ ਪਰ ਕੁਦਰਤ ਦੀ ਇਹ ਅਨੋਖੀ ਘਾੜਤ ਕਿਸੇ ਵੀ ਕ੍ਰਿਸ਼ਮੇ ਤੋਂ ਘੱਟ ਨਹੀਂ ਐ।
ਇਸ ਗੁਫਾਨੁਮਾ ਚੋਟੀਆਂ ਨੂੰ 1838 ਵਿੱਚ ਉਦੋਂ ਲੱਭਿਆ ਗਿਆ ਜਦੋਂ ਸਮੇਂ ਦੀ ਹਕੂਮਤ ਦੇ ਮੂਲ ਨਿਵਾਸੀਆਂ ਦੇ ਬਾਗੀਆਂ( ਬੁਸ਼ ਰੇਂਜ਼ਰ) ਦੇ ਟੋਲਿਆਂ ਨੂੰ ਉਨ੍ਹਾਂ ਦੇ ਝਾੜੀਆਂ/ ਜੰਗਲ ਬੇਲਿਆਂ ਦੀਆਂ ਛੁਪਣਗਾਹਾਂ ਤੋਂ ਫੜਨ ਦੇ ਯਤਨ ਕਰ ਰਹੀ ਸੀ।ਫਿਰ ਇਸ ਅਦਭੁੱਤ ਕੁਦਰਤੀ ਰਚਨਾ ਨੂੰ ਇੱਕ ਦਰਸ਼ਨੀ ਸਥਾਨ ਦੇ ਰੂਪ ਵਿੱਚ ਦੁਨੀਆਂ ਦੇ ਸਾਹਮਣੇ ਲਿਆਉਣ ਯਤਨ ਸ਼ੁਰੂ ਹੋਏ।
ਸੈਨਕ ਵਰਲਡ ਆਸਟ੍ਰੇਲੀਆ ਵੱਲੋਂ ਇਥੋਂ ਦੇ ਅਦਭੁੱਤ ਕੁਦਰਤੀ ਮਾਹੌਲ ਨੂੰ ਮਾਨਣ ਲਈ ਨੈਸ਼ਨਲ ਪਾਰਕ ਵਜੋਂ ਵਿਕਸਿਤ ਵੀ ਕੀਤਾ ਹੋਇਆ ਹੈ। ਹੁਣ ਇਹ ਜਗਾ ਸੈਲਾਨੀਆਂ ਲਈ ਖਿੱਚ ਦਾ ਇੱਕ ਵੱਡਾ ਕੇਂਦਰ ਬਣੀ ਹੋਈ ਹੈ। ਜਿਸ ਕਰਕੇ ਬਹੁਤ ਸਾਰੇ ਦੇਸ਼ ਵਿਦੇਸ਼ ਦੇ ਯਾਤਰੂ ਆ ਕੇ ਵੱਖ ਵੱਖ ਬਣੇ ਸਪੋਟ ਪਲੇਟ ਫਾਰਮ ਰਾਹੀਂ ਵੱਖਰੇ ਵੱਖਰੇ ਦ੍ਰਿਸ਼ਟੀਕੋਣਾਂ (ਐਂਗਲਜ਼) ਤੋਂ ਇਥੋਂ ਦੇ ਅਦਭੁੱਤ ਨਜ਼ਾਰੇ ਨੂੰ ਨਿਹਾਰਦੇ ਵੀ ਤੇ ਮਾਣਦੇ ਵੀ ਹਨ ਅਤੇ ਇਥੋਂ ਦੀ ਅਤਿਅੰਤ ਸੁੰਦਰ ਦਿੱਖ ਨੂੰ ਆਪਣੇ ਕੈਮਰਿਆਂ ਵਿਚ ਕੈਦ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ । ਨਿਊਜ਼ੀਲੈਂਡ ਤੋਂ ਇੱਕ ਚਿੱਤਰਕਾਰ ਮੌਕੇ ‘ਤੇ ਹੀ ਆਪਣੇ ਚਲਦੇ ਬੁਰਸ਼ ਦੀ ਕਲਾਬਾਜ਼ੀ ਦੇ ਜ਼ੋਹਰ ਵਿਖਾਉਂਦਾ ਹੋਇਆ ਲਾਈਵ ਹੋਕੇ ਆਪਣੇ ਫੋਲੋਵਰਜ਼ ਨੂੰ ਚਿੱਤਰਕਾਰੀ ਦੇ ਕਈ ਗੁਰ ਸਿਖਾਉਂਦਾ ਹੋਇਆ ਨਜ਼ਰੀਂ ਵੀ ਪਿਆ।
ਇਹਨਾਂ ਤਿੰਨ ਅਕਿਰਤੀਆਂ ਅਤੇ ਘਾਟੀ ਦੀ ਦਿੱਖ ਉਤੇ ਰਾਤ ਦੇ ਹਨੇਰੇ ,ਚੰਨ ਦੀ ਚਾਨਣੀ ਖਿੜੇ ਦਿਨੇ ਦੀ ਧੁੱਪ ਜਾਂ ਬੱਦਲਾਂ ਦੀ ਲੁਕਣ ਮੀਚੀ ਦਾ ਕਾਫੀ ਅਸਰ ਹੁੰਦਾ ਹੈ। ਆਮ ਕਰਕੇ ਨੀਲੇ ਰੰਗ ਵਿਚ ਰੰਗਿਆ ਦ੍ਰਿਸ਼ ਕਦੇ ਸੁਨਹਿਰੀ, ਕਦੇ ਹਰਿਆ ਕਦੇ ਕਾਲਾ ਅਤੇ ਕਦੇ ਡਬ ਖੜੱਬਾ ਨਜ਼ਰ ਆਉਣ ਲੱਗਦਾ ਹੈ। ਇਹ ਕੁਦਰਤੀ ਰੰਗ ਤਿੰਨਾਂ ਭੈਣਾਂ ਦੇ ਖੁਸ਼ੀ,ਗਮੀ ਪਲਾਂ ਦੀ ਤਰਜਮਾਨੀ ਕਰਨ ਦੇ ਪ੍ਰਤੀਕ ਵੀ ਮੰਨੇ ਜਾਂਦੇ ਹਨ।
ਕੁਦਰਤੀ ਘਾੜਤ ਵਾਲੀਆਂ ਇਹਨਾਂ ਅਚੰਭਿਤ ਚੋਟੀਆਂ ਦੀ ਉਚਾਈ ਕਰਮ ਅਨੁਸਾਰ 922,918 ਅਤੇ 906 ਮੀਟਰ ਹੈ।’ਥ੍ਰੀ ਸਿਸਟਰਜ਼’ ਨਾਂਅ ਦੀਆਂ ਇਹਨਾਂ ਤਿੰਨ ਪਥਰੀਲੀ ਚੋਟੀਆਂ ਦੇ ਧੁਰ ਥੱਲੇ ਤੱਕ ਪਹੁੰਚਣ ਲਈ ਹੇਠਾਂ ਵੱਲ ਬਿਲਕੁਲ ਸਿੱਧੀਆਂ ਤੇ ਤਿੱਖੇ( ਕੂਹਣੀ)ਮੋੜ ਘੋੜ ਵਾਲੀਆਂ ਘੁਮਾਂਦਾਰ ਪੌੜੀਆਂ ਦੇ ਕਰੀਬ 900 ਸਟੈਪ ਬਣੇ ਹੋਏ ਹਨ ਜੋ ਪੱਥਰਾਂ ਦੀ ਕਟਾਈ ਕਰਕੇ ਅਤੇ ਕਿਤੇ ਕਿਤੇ ਆਰਟੀਫਿਸ਼ਲ ਲੋਹੇ ਦੀਆਂ ਪੌੜੀਆਂ ਦੀ ਮਦਦ ਲਈ ਗਈ। 80ਮੀਟਰ ਹੇਠਾਂ ਜਾ ਕੇ ‘ ਹਨੀਮੂਨ ਬਿਰਿੱਜ’ ਵੀ ਹੈ। ਇਸ ਤੰਗ ਪੌੜੀਦਾਰ ਰਸਤੇ ਦੀ ਭਾਵੇਂ ਇਸ ਘਾਟੀ ਵਿੱਚ ਉਤਰਨ ਚੜ੍ਹਨ ਲਈ ਸੁਰੱਖਿਆ ਵਜੋਂ ਨਾਲ ਨਾਲ ਰੇਲਿੰਗ ਵੀ ਕੀਤੀ ਹੋਈ ਹੈ ਪਰ ਨਾਲ ਨਾਲ ਚਿਤਾਵਨੀ ਬੋਰਡ ਵੀ ਲੱਗੇ ਹੋਏ ਹਨ ਕਿ ਇਹ ਪੌੜੀਦਾਰ ਰਸਤਾ ਪੱਥਰ ਖਿਸਕਣ ਵਾਲਾ ਅਤੀ ਖਤਰਨਾਕ ਖੇਤਰ
ਹੈ ਸੋ ਬੜੀ ਹੀ ਸਾਵਧਾਨੀ ਨਾਲ ਉਤਰਿਆ/ ਚੜਿਆ ਜਾਵੇ। ਸੰਭਾਵੀ ਖ਼ਤਰੇ /ਨੁਕਸਾਨ ਦੀ ਤੁਹਾਡੀ ਆਪਣੀ ਜ਼ਿੰਮੇਵਾਰੀ। ਸਿੱਧਾ ਹੇਠਾਂ ਉਤਰਨਾ ਕੁਝ ਔਖਾ ਤਾਂ ਜ਼ਰੂਰ ਹੈ ਪਰ ਉਪਰ ਨੂੰ ਚੜ੍ਹਦਿਆਂ ਜਦ ਸਾਹ ਫੁੱਲਦਾ ਹੈ ਤਾਂ ਇੱਕ ਵਾਰ ਨਾਨੀ ਚੇਤੇ ਜ਼ਰੂਰ ਆ ਜਾਂਦੀ ਹੈ। ਪਾਣੀ ਦਾ ਘੁੱਟ ਘੁੱਟ ਜਾਂ ਗੁਲੂਕੋਜ਼ ਯੁਕਤ ਕੁੱਝ ਨਿੱਕਾ ਮੋਟਾ ਖਾਣ ਪਾਣ ਖੁਸ਼ਕ ਦਮ ਨੂੰ ਟਿਕਾਣੇ ਲਿਆਉਣ ਵਿੱਚ ਸਹਾਇਕ ਹੋ ਹੀ ਜਾਂਦਾ ਹੈ।
ਮਾਸਟਰ ਲਖਵਿੰਦਰ ਸਿੰਘ (ਮਾਨ) ਰਈਆ ਹਵੇਲੀਆਣਾ
ਜ਼ਿਲ੍ਹਾ ਅੰਮ੍ਰਿਤਸਰ,ਫੋਨ ਨੰਬਰ 98764-74858