ਆਸਟ੍ਰੇਲੀਆ ਤੋਂ ਪੰਜਾਬ ਪਰਤ ਕੇ ਨੌਜੁਆਨ ਨੇ ਕੀਤੀ ਖ਼ੁਦਕੁਸ਼ੀ, ਸਹੁਰੇ ਪਰਿਵਾਰ ’ਤੇ ਲਾਏ ਸਨ ਦੋਸ਼

ਮੈਲਬਰਨ : ਪੰਜਾਬ ਦੇ ਬਟਾਲਾ ‘ਚ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਗੁਰਪ੍ਰੀਤ ਸਿੰਘ (34) ਪਿਛਲੇ 7 ਸਾਲਾਂ ਤੋਂ ਆਸਟ੍ਰੇਲੀਆ ‘ਚ ਰਹਿੰਦਾ ਸੀ। ਉਹ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਬਟਾਲਾ ਸਥਿਤ ਆਪਣੇ ਘਰ ਆਇਆ ਸੀ। ਉਸ ਇੱਕ ਫ਼ੇਸਬੁੱਕ ਪੋਸਟ ’ਚ ਆਪਣੀ ਮੌਤ ਲਈ ਆਪਣੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਦਾ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਉਸ ਦੀ ਇੱਕ ਧੀ ਵੀ ਹੈ।

ਸੂਤਰਾਂ ਅਨੁਸਾਰ ਗੁਰਪ੍ਰੀਤ ਅਤੇ ਉਸ ਦੇ ਸਹੁਰੇ ਪਰਿਵਾਰ ਵਿਚਾਲੇ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਗੁਰਪ੍ਰੀਤ ਨੇ ਇਕ ਪੋਸਟ ਰਾਹੀਂ ਆਪਣੀ ਖ਼ੁਦਕੁਸ਼ੀ ਦਾ ਕਾਰਨ ਅਤੇ ਦਰਦ ਸਾਂਝਾ ਕੀਤਾ ਸੀ। ਗੁਰਪ੍ਰੀਤ ਨੇ ਫੇਸਬੁੱਕ ‘ਤੇ ਲਿਖਿਆ, ‘‘ਮੇਰੀ ਮੌਤ ਲਈ ਮੇਰੇ ਸਹੁਰੇ ਜ਼ਿੰਮੇਵਾਰ ਹਨ। ਮੈਂ ਉਨ੍ਹਾਂ ਦੀਆਂ ਹਰਕਤਾਂ ਤੋਂ ਤੰਗ ਆ ਗਿਆ ਹਾਂ ਅਤੇ ਖੁਦਕੁਸ਼ੀ ਕਰ ਰਿਹਾ ਹਾਂ।’’ ਮ੍ਰਿਤਕ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਦਾ ਵਿਆਹ 12 ਸਾਲ ਪਹਿਲਾਂ ਕਿਰਨਦੀਪ ਕੌਰ ਨਾਲ ਹੋਇਆ ਸੀ। ਪਰ ਪਿਛਲੇ ਤਿੰਨ ਸਾਲਾਂ ਤੋਂ ਉਹ ਵੱਖ ਰਹਿ ਰਹੇ ਸਨ। ਉਸ ਨੂੰ ਆਪਣੀ ਬੇਟੀ ਨਾਲ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਉਸ ਵਿਰੁਧ ਅਦਾਲਤੀ ਕੇਸ ਕੀਤਾ ਹੋਇਆ ਸੀ। ਸਹੁਰੇ ਪਰਿਵਾਰ ਨਾਲ ਚੱਲ ਰਹੇ ਝਗੜੇ ਕਾਰਨ ਉਸ ਦੇ ਬੇਟੇ ‘ਤੇ ਮਾਨਸਿਕ ਦਬਾਅ ਇੰਨਾ ਸੀ ਕਿ ਉਸ ਨੇ ਆਪਣੀ ਜਾਨ ਦੇ ਦਿੱਤੀ।

ਇਸ ਸਬੰਧੀ ਥਾਣਾ ਸਿਵਲ ਲਾਈਨ ਬਟਾਲਾ ਦੇ ਇੰਚਾਰਜ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਗੁਰਪ੍ਰੀਤ ਸਿੰਘ ਦੀ ਮਾਂ ਪਰਮਜੀਤ ਕੌਰ ਦੇ ਬਿਆਨਾਂ ‘ਤੇ ਉਸ ਦੀ ਪਤਨੀ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।