ਮੈਲਬਰਨ : ਆਸਟ੍ਰੇਲੀਆ ਪੋਸਟ ਡਿਲੀਵਰੀ ਦੇ ਸਾਬਕਾ ਡਰਾਈਵਰ ਹਰਜੀਤ ਸਿੰਘ (24) ਨੂੰ ਕਰੋੜਾਂ ਡਾਲਰ ਦੀ ਧੋਖਾਧੜੀ ਸਕੀਮ ਵਿੱਚ ਭੂਮਿਕਾ ਲਈ ਲਗਭਗ ਦੋ ਸਾਲ ਦੀ ਸਖਤ correction order ਦੀ ਸਜ਼ਾ ਸੁਣਾਈ ਗਈ ਹੈ। ਹਰਜੀਤ ਸਿੰਘ ਨੇ ਧੋਖੇ ਨਾਲ ਜਾਇਦਾਦ ਪ੍ਰਾਪਤ ਕਰਨ ਅਤੇ ਧੋਖਾਧੜੀ ਕਰਨ ਦੀ ਯੋਜਨਾ ’ਚ ਟੇਲਸਟ੍ਰਾ ਗਾਹਕਾਂ ਨੂੰ ਨਿਸ਼ਾਨਾ ਬਣਾਉਣ ਵਿੱਚ ਮਦਦ ਕਰਨ ਦੀ ਗੱਲ ਕਬੂਲ ਕੀਤੀ ਸੀ। ਉਸ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਸੀ ਕਿ ਇਹ ਸਕੈਮ ਕਮਜ਼ੋਰ ਅਨਸਕਿੱਲਡ ਅਤੇ ਪ੍ਰਵਾਸੀ ਵਰਕਰਾਂ ਨੂੰ ਨਿਸ਼ਾਨਾ ਬਣਾ ਕੇ ਚਲਾਇਆ ਜਾ ਰਿਹਾ ਸੀ। ਅਦਾਲਤ ’ਚ ਹਰਜੀਤ ਨੇ ਕਿਹਾ ਕਿ ਇੱਕ ਪਜਾਮਾ ਪਾਈ ਬੰਦਾ ਉਸ ਦਾ ਕਈ ਦਿਨਾਂ ਤਕ ਪਿੱਛਾ ਕਰਦਾ ਰਿਹਾ ਸੀ ਅਤੇ ਉਸ ਨੂੰ ਧੋਖਾਧੜੀ ’ਚ ਇਹ ਕਹਿ ਕੇ ਸ਼ਾਮਲ ਕਰ ਲਿਆ ਕਿ ਇਹ ਕੰਮ ਬਿਲਕੁਲ ਜਾਇਜ਼ ਹੈ।
ਜੱਜ ਨੇ ਸ਼ੁਕਰਵਾਰ ਨੂੰ ਕਿਹਾ ਕਿ ਹਰਜੀਤ ਸਿੰਘ ਨੂੰ ‘ਬਲੈਕਮੇਲ’ ਕੀਤਾ ਗਿਆ ਸੀ ਅਤੇ ਉਹ ‘ਅਸਲ ਸਾਜ਼ਸ਼ਕਰਤਾ’ ਨਹੀਂ ਸੀ। ਜੱਜ ਨੇ ਕਿਹਾ ਕਿ ਹਰਜੀਤ ਸਿੰਘ ਨੂੰ ਸ਼ੁਰੂ ਵਿਚ ਲੱਗਦਾ ਸੀ ਕਿ ਇਹ ਕੰਮ ਜਾਇਜ਼ ਹੈ ਪਰ ਅਪਰਾਧਿਕ ਵਿਵਹਾਰ ਹੋਣ ਦਾ ਅਹਿਸਾਸ ਹੋਣ ਤੋਂ ਬਾਅਦ ਵੀ ਉਹ ਦੋ ਮਹੀਨਿਆਂ ਤੱਕ ਇਸ ਯੋਜਨਾ ਵਿਚ ਸ਼ਾਮਲ ਰਿਹਾ। ਹਰਜੀਤ ਸਿੰਘ ਨੂੰ 100 ਘੰਟੇ ਦੀ ਕਮਿਊਨਿਟੀ ਸੇਵਾ ਪੂਰੀ ਕਰਨ ਦਾ ਹੁਕਮ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ’ਚ ਉਸ ਨੂੰ ਡੀਪੋਰਟ ਵੀ ਕੀਤਾ ਜਾ ਸਕਦਾ ਹੈ। ਇਸ ਕੇਸ ’ਚ ਕੋਈ ਹੋਰ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਇਸ ਤਰ੍ਹਾਂ ਚਲ ਰਹੀ ਧੋਖਾਧੜੀ
ਇਸ ਆਪਰੇਸ਼ਨ ਵਿੱਚ ਇੱਕ ਅਣਜਾਣ ਧਿਰ ਹਰਜੀਤ ਸਿੰਘ ਵੱਲੋਂ ਮੁਹੱਈਆ ਕਰਵਾਏ ਫ਼ੋਨ ਨੰਬਰਾਂ ਦੇ ਟੈਲਸਟ੍ਰਾ ਅਤੇ ਵੋਡਾਫੋਨ ਗਾਹਕਾਂ ਦੇ ਆਨਲਾਈਨ ਖਾਤਿਆਂ ਤੱਕ ਪਹੁੰਚ ਕਰ ਰਹੀ ਸੀ, ਫੋਨ ਦਾ ਆਰਡਰ ਦੇ ਰਹੀ ਸੀ ਅਤੇ ਕਿਸੇ ਖਾਸ ਡਰਾਈਵਰ ਦੇ ਡਿਲੀਵਰੀ ਖੇਤਰ ਦੇ ਅੰਦਰ ਪਤਾ ਬਦਲ ਰਹੀ ਸੀ।
ਹਰਜੀਤ ਸਿੰਘ ਨੇ ਪਿਛਲੇ ਸਾਲ ਕੁੱਲ 1,37,000 ਡਾਲਰ ਦੀ ਕੀਮਤ ਦੀਆਂ 57 ਖੇਪਾਂ ਨੂੰ ਸਕੈਨ ਕੀਤਾ ਸੀ ਪਰ ਿਡਲੀਵਰ ਕਰਨ ਦੀ ਬਜਾਏ ਉਨ੍ਹਾਂ ਨੂੰ ਘਰ ਲੈ ਗਿਆ ਸੀ। ਫਿਰ ਜਨਵਰੀ ਅਤੇ ਜੂਨ ਦੇ ਵਿਚਕਾਰ ਹਰ ਹਫਤੇ ਦੇ ਅੰਤ ‘ਤੇ ਫੋਨ ਚੁੱਕ ਲਏ ਗਏ ਅਤੇ ਉਸ ਨੂੰ ਕਈ ਵਾਰੀ 300 ਡਾਲਰ ਦਾ ਭੁਗਤਾਨ ਕੀਤਾ ਗਿਆ।
ਜਸਟਿਸ ਮੈਕਵਿਲੀਅਮ ਨੇ ਕਿਹਾ ਕਿ ਹਰਜੀਤ ਸਿੰਘ ਆਪਣੇ “ਗਰੀਬੀ ਪੀੜਤ ਪਰਿਵਾਰ” ਦੀ ਵਿੱਤੀ ਮਦਦ ਲਈ ਵਾਧੂ ਕੈਸ਼ ਕਮਾਉਣ ਦੀ ਕਾਰਵਾਈ ਵਿੱਚ ਸ਼ਾਮਲ ਹੋਇਆ ਸੀ। ਹਰਜੀਤ ਸਿੰਘ ਇਸ ਤੋਂ ਪਹਿਲਾਂ ਆਪਣੇ ਅਪਰਾਧਾਂ ਲਈ ਛੇ ਦਿਨ ਹਿਰਾਸਤ ਵਿੱਚ ਬਿਤਾ ਚੁੱਕਾ ਹੈ। ਉਸ ਦੀ ਕਮਿਊਨਿਟੀ ਅਧਾਰਤ ਜੇਲ੍ਹ ਦੀ ਸਜ਼ਾ ਜੂਨ 2026 ਵਿੱਚ ਖਤਮ ਹੋਣ ਵਾਲੀ ਹੈ।