ਸਾਡੇ ਸੱਭਿਆਚਾਰ ਦੀ ਝਲਕ
ਮੈਲਬਰਨ : ਪੰਜਾਬ ਦੇ ਪੇਂਡੂ ਜੀਵਨ ਨੂੰ ਔਰਤ ਦੀ ਰਣ ਭੂਮੀ ਕਿਹਾ ਜਾਵੇ ਤਾਂ ਅਤਕਥਨੀ ਨਹੀਂ ਹੋਵੇਗੀ। ਪਿੰਡਾਂ ਦੇ ਸਮਾਜ ਦੀ ਬੁਨਿਆਦ ਸਾਂਝੇ ਪਰਿਵਾਰ ਹੁੰਦੇ ਹਨ । ਇਨ੍ਹਾਂ ਪਰਿਵਾਰਾਂ ਦਾ ਜੀਵਨ ਤੰਗੀਆਂ ਤਰਸ਼ੀਆਂ ਵਾਲਾ ਰਿਹਾ। ਪਰ ਪਿਆਰ ਭਰਿਆ ਅਤੇ ਚਿੰਤਾ ਰਹਿਤ ਹੁੰਦਾ ਸੀ । ਸਾਡੇ ਜੀਵਨ ਦੀ ਤਰਾਸਦੀ ਅਤੇ ਮੁਸ਼ਕਲਾਂ ਦਾ ਚਿੱਤਰ ਸਾਡੇ ਸਾਹਿਤ ਅਤੇ ਸੱਭਿਆਚਾਰ ਵਿੱਚ ਅੱਜ ਵੀ ਉੱਕਰਿਆ ਹੋਇਆ ਹੈ । ਕਿਸਾਨੀ ਜੀਵਨ ਜੋ ਪਿੰਡਾਂ ਦੀ ਰੂਹ-ਏ-ਰਵਾਂ ਹੁੰਦੀ ਹੈ। ਇਹ ਹਮੇਸ਼ਾ ਕਿਰਤ ਅਤੇ ਉੱਤੇ ਟਿਕੀ ਹੈ। ਘਰਾਂ ਦੇ ਹਾਲਾਤ ਗੀਤਾਂ, ਸੰਗੀਤਾਂ ਅਤੇ ਸੱਭਿਆਚਾਰ ਨੂੰ ਕਲਮ ਰਾਹੀਂ ਚਿੱਤਰਦੇ ਅਤੇ ਬਿਆਨਦੇ ਰਹੇ । ਬੇਹੱਦ ਮੁਸ਼ੱਕਤ ਤੋਂ ਬਾਅਦ ਵੀ ਰੋਟੀ ਮੁਸ਼ਕਲ ਹੀ ਚੱਲਦੀ ਸੀ । ਜਿਸ ਨਾਲ ਘਰਦੀਆਂ ਔਰਤਾਂ ਦੇ ਅਰਮਾਨਾਂ ਨੂੰ ਮੁਸ਼ੱਕਤ ਹੀ ਖਾ ਲੈਂਦੀ ਸੀ । ਲੋੜ, ਜ਼ਜ਼ਬਾਤ ਅਤੇ ਹਾਰ-ਸ਼ਿੰਗਾਰ ਮੌਕੇ ਨੂੰ ਖੁੰਝਾ ਦਿੰਦੇ ਸਨ । ਜਿਸ ਨਾਲ ਪਤੀ-ਪਤਨੀ ਚਾਹੁੰਦੇ ਹੋਏ ਵੀ ਉਮਰ ਅਨੁਸਾਰ ਚਾਅ ਮਲਾਰਾਂ ਤੋਂ ਵਿਰਵੇ ਰਹਿ ਜਾਂਦੇ ਸਨ। ਕਿਸਾਨ ਦੀ ਫ਼ਸਲ ਅਤੇ ਪਰਿਵਾਰ ਰੁਲਦਾ ਰਹਿੰਦਾ ਹੈ:-
“ਮੰਡੀਆਂ ਚ ਜੱਟ ਰੁਲਦਾ, ਚੁੱਲ੍ਹੇ ਮੂਹਰੇ ਰੁਲਦੀ ਰਕਾਨ”
ਜੀਵਨ ਵਿੱਚ ਹਮੇਸ਼ਾ ਕਿਰਤ ਮਾਨਸਿਕ ਅਤੇ ਸਮਾਜਿਕ ਸਮੱਸਿਆਵਾਂ ਦਾ ਹੱਲ ਕਰਦੀ ਹੈ । ਪਰ ਕਿਸਾਨ ਦੇ ਘਰ ਵਿੱਚ ਇਹ ਤੱਥ ਲਾਗੂ ਨਹੀਂ ਹੋ ਸੱਕਿਆ। ਕਿਰਤੀ ਕਿਸਾਨ ਨੇ ਹਮੇਸ਼ਾ ਆਰਥਿਕ ਮੰਦਹਾਲੀ, ਸ਼ੋਸ਼ਣ ਅਤੇ ਲੋਟੂ ਜਮਾਤ ਦਾ ਸਾਹਮਣਾ ਅਤੇ ਟਾਕਰਾ ਕੀਤਾ ਹੈ । ਇਸ ਦੇ ਨਾਲ ਪਰਿਵਾਰ ਦੇ ਚਾਅ ਮਲਾਰ, ਸਿਹਤ ਅਤੇ ਸਿਖਿਆ ਲਈ ਜੂਝਣਾ ਹੀ ਕਿਸਾਨੀ ਜੀਵਨ ਦਾ ਪੰਧ ਰਿਹਾ ਹੈ । ਆਰਥਿਕਤਾ ਹਮੇਸ਼ਾ ਬੁਨਿਆਦੀ ਢਾਂਚੇ ਦੀ ਮੁੱਢਲੀ ਇਕਾਈ ਰਹੀ । ਪਰ ਕਿਰਤ ਅਤੇ ਕਿਸਾਨੀ ਦੇ ਪੱਲੇ ਆਰਥਿਕਤਾ ਨਹੀਂ ਪਈ । ਦੋ ਡੰਗ ਦੀ ਰੋਟੀ ਹੀ ਚੱਲੀ । ਆਰਥਿਕਤਾ ਤੋਂ ਬਿਨਾਂ ਪਿੰਡਾਂ ਦੇ ਜੀਵਨ ਵਿੱਚ ਸਮੱਸਿਆਵਾਂ ਦੀ ਜਟਿੱਲਤਾ ਰਹੀ । ਖਾਸ ਤੌਰ ਤੇ ਘਰ ਦੀ ਔਰਤ ਇਸ ਵਿੱਚ ਘਸਮੰਡੀ ਗਈ । ਔਰਤ ਦੀ ਗੈਰ-ਸਿਖਿਆ ਵੀ ਇਸ ਦਾ ਕਾਰਨ ਬਣੀ। ਜਦੋਂ ਇਤਿਹਾਸ ਅਤੇ ਸਾਹਿਤ ਦੇ ਪੰਨੇ ਲਿਖੇ ਜਾ ਰਹੇ ਸਨ ਉਦੋਂ ਔਰਤ ਆਪਣੇ ਅਰਮਾਨਾਂ ਦੀ ਪੂਰਤੀ ਲਈ ਝੂਰਦੀ ਸੀ । ਇਸ ਨਾਲ ਮਰਦ ਦੀ ਪ੍ਰਧਾਨਤਾ ਨੂੰ ਹੁੰਗਾਰਾ ਮਿਲਿਆ। ਔਰਤ ਹਮੇਸ਼ਾ ਸੰਜਮ ਵਿੱਚ ਰਹੀ । ਆਪਣੀ ਖ਼ੁਸ਼ੀ ਨੂੰ ਕਿਰਤ ਦੇ ਜ਼ਰੀਏ ਪਰਿਵਾਰ ਤੇ ਕੁਰਬਾਨ ਕਰਦੀ ਰਹੀ। ਖੇਤੀ ਅਤੇ ਘਰ ਦੇ ਕੰਮ ਵਿੱਚ ਮਿਹਨਤ ਕਰਕੇ ਵੀ ਔਰਤ ਪ੍ਰਤੀ ਬੇਰੁੱਖੀ ਦਾ ਨਜ਼ਰੀਆ ਰਿਹਾ ।
ਔਰਤ ਜਦੋਂ ਘਰਦੀਆਂ ਕਮਾਈਆਂ ਚੋਂ ਗਹਿਣਾ ਪਾਉਣਾ ਲੋਚਦੀ ਹੈ ਤਾਂ ਇਸ ਦੇ ਦੋ ਕਾਰਨ ਹਨ । ਇੱਕ ਕਾਰਨ ਅਰਮਾਨ ਅਤੇ ਹਾਰ-ਸ਼ਿੰਗਾਰ ਅਤੇ ਦੂਜਾ ਕਾਰਨ ਆਰਥਿਕ ਤੰਗੀ ਵੇਲੇ ਗਹਿਣੇ ਦਾ ਕੰਮ ਆਉਣਾ । ਪਤੀ –ਪਤਨੀ ਦਾ ਰਿਸ਼ਤਾ ਪੇਂਡੂ ਅਤੇ ਕਿਸਾਨੀ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਦੋਵਾਂ ਦਾ ਰਸਤਾ ਮੁਸ਼ੱਕਤ ਵਾਲਾ ਹੈ ਪਰ ਫਿਰ ਵੀ ਪਤੀ, ਪਤਨੀ ਦੇ ਸਾਰੇ ਚਾਅ ਪੂਰੇ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਾਂਝੇ ਪਰਿਵਾਰ ਵਿੱਚ ਲੁਕ-ਛਿਪਕੇ ਵੀ ਪਤੀ-ਪਤਨੀ ਰਿਸ਼ਤੇ ਨੂੰ ਖ਼ੁਸ਼ਗਵਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਲਈ ਇੱਕ ਸੱਭਿਆਚਾਰ ਵੰਨਗੀ ਪਤੀ ਦੇ ਪਿਆਰ ਅਤੇ ਜਿੰਮੇਵਾਰੀ ਨੂੰ ਇਉਂ ਦਰਸਾਉਂਦੀ ਹੈ:-
“ਆਹ ਲੈ ਨੱਤੀਆਂ ਕਰਾ ਲੈ ਪਿੱਪਲ ਪੱਤੀਆਂ, ਕਿਸੇ ਨਾਲ ਗੱਲ ਨਾ ਕਰੀਂ”
ਫ਼ਸਲਾਂ ਦੀ ਆਮਦ ਨੂੰ ਮੁੱਖ ਰੱਖ ਕੇ ਪਤੀ ਆਪਣੀ ਪਤਨੀ ਨੂੰ ਇਉਂ ਖ਼ੁਸ਼ ਕਰਨ ਦਾ ਸੁਨੇਹਾ ਵੀ ਦਿੰਦਾ ਹੈ :-
“ਕਾਂਟੇਂ ਵੀ ਕਰਾ ਦਊਂ ਸੂਟ ਵੀ ਸੰਵਾ ਦਊਂਗਾ , ਪੂਰੀ ਮੈਂ ਬਣਾ ਦਊਂ ਸ਼ੌਕੀਨ ਜੱਟੀਏ, ਭਾਵੇਂ ਵਿਕ ਜਾਏ ਮੇਰੀ ਜ਼ਮੀਨ ਜੱਟੀਏ”
ਔਰਤ ਹਰ ਤਰ੍ਹਾਂ ਦਾ ਸਾਥ ਦੇ ਕੇ ਹਾਲੀ ਅਤੇ ਪਾਲੀ ਦੇ ਕੰਮ ਵਿੱਚ ਹੱਥ ਵਟਾਉਂਦੀ ਹੈ। ਫਿਰ ਵੀ ਸਹੂਲਤ ਅਤੇ ਕਨੂੰਨੀ ਛੱਤਰੀ ਤੋਂ ਵਾਂਝੀ ਰਹਿ ਜਾਂਦੀ ਹੈ। ਕਿਸਾਨੀ ਦੀ ਦਸ਼ਾ-ਦਿਸ਼ਾ ਅਤੇ ਆਰਥਿਕਤਾ ਸੱਭਿਆਚਾਰ ਨਾਲ ਜੁੜੀ ਹੈ। ਇਸ ਲਈ ਕਿਸਾਨ ਜੀਵਨ ਹੰਢਾ ਰਹੀ ਔਰਤ ਅੱਜ ਵੀ ਆਪਣੇ ਪਤੀ ਨੂੰ ਸੱਭਿਆਚਾਰਕ ਮਿਹਣਾ ਮਾਰ ਦਿੰਦੀ ਹੈ। ਪਰ ਪਤੀ ਸਖ਼ਤ ਮਿਹਨਤ ਦਾ ਵਾਸਤਾ ਪਾ ਕੇ ਅਤੇ ਛਿਮਾਹੀ ਦੀ ਉਡੀਕ ਵਿੱਚ ਪਤਨੀ ਦੇ ਸੌਂਕ ਅਤੇ ਸ਼ਿੰਗਾਰ ਨੂੰ ਪੂਰਾ ਕਰਨ ਲਈ ਭਾਵਨਾਤਮਿਕ ਮਿਹਣਾ ਸੁਣਦਾ ਹੈ ਨਾਲ ਹੀ ਸੱਭਿਆਚਾਰਕ ਸੁਨੇਹਾ ਦਿੰਦਾ ਹੈ :-
“ ਅਸੀਂ ਮਰ ਗਏ ਕਮਾਈਆਂ ਕਰਦੇ, ਅਜੇ ਤੇਰੇ ਬੰਦ ਨਾ ਬਣੇ,
ਪਾਟੀ ਘਗਰੀ ਬਗੜ ਦਾ ਨਾਲਾ, ਤੇਰਾ ਦੱਸ ਕੀ ਵੇਖਿਆ?
ਸਾਡੇ ਜੀਵਨ ਦੀ ਪੱਗਡੰਡੀ ਦੇ ਮੱਦੇਨਜ਼ਰ ਸੱਭਿਆਚਾਰ ਅੱਜ ਵੀ ਇਹੀ ਸੁਨੇਹਾ ਦਿੰਦਾ ਹੈ ਕਿ ਘਰ ਦੇ ਬਾਹਰ ਦੇ ਕੰਮਾਂ ਵਿੱਚ ਮਰਦ ਘਰ ਦੇ ਅੰਦਰ ਦੇ ਕੰਮਾਂ ਵਿੱਚ ਟ੍ਹਔਰਤ ਕਬੀਲਦਾਰੀ ਦੀ ਪੰਡ ਸਾਂਭ ਰਹੇ ਹਨ।ਸਾਰਾ ਟੱਬਰ ਹੀ ਕਮਾਈਆਂ ਕਰਦਾ ਹੰਭ ਜਾਂਦਾ ਹੈ ਪਰ ਜੀਅ ਭਰ ਕੇ ਚਾਅ ਮਲਾਰ ਅੱਜ ਵੀ ਪੂਰੇ ਨਹੀਂ ਹੁੰਦੇ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ